ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਸਤੰਬਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਆਰੰਭੇ ਪਾਇਲਟ ਪ੍ਰਾਜੈਕਟ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਹੋ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਡੀਸੀ ਜਤਿੰਦਰ ਜੋਰਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਗੂਵਾਲਾ ਦਾ ਦੌਰਾ ਕੀਤਾ। ਉਨ੍ਹਾਂ ਵਿਦਿਆਰਥੀਆਂ ਨਾਲ ਬੈਠ ਕੇ ਸਮਾਈਲ ਫਾਊਂਡੇਸ਼ਨ ਦੀ ਨਿਊਟਰੀਸ਼ੀਅਨ ਮਾਹਿਰ ਵੱਲੋਂ ਵਿਸ਼ੇਸ਼ ਸੈਸ਼ਨ ਤਹਿਤ ਦਿੱਤਾ ਜਾ ਰਿਹਾ ਲੈਕਚਰ ਸੁਣਿਆ ਤੇ ਖ਼ੁਦ ਵੀ ਵਿਦਿਆਰਥੀਆਂ ਨਾਲ ਸਵਾਲ-ਜਵਾਬ ਕਰ ਕੇ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਦੇ ਫ਼ਾਇਦਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਨੇ ਸਿਹਤ ਵਿਭਾਗ ਤੇ ਸਮਾਈਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਹੀ ਜ਼ਿਲ੍ਹੇ ਦੇ 21 ਸਰਕਾਰੀ ਸਕੂਲਾਂ ਵਿੱਚ ਇਹ ਪਾਇਲਟ ਪ੍ਰਾਜੈਕਟ ਆਰੰਭਿਆ ਹੈ।
ਇਸ ਮੌਕੇ ਡੀਸੀ ਸ੍ਰੀ ਜੋਰਵਾਲ ਨੇ ਸਕੂਲ ਦੇ ਵਿਹੜੇ ਵਿੱਚ ਤਿਆਰ ਕੀਤੇ ਗਏ ‘ਕਿਚਨ ਗਾਰਡਨ’ ਦਾ ਜਾਇਜ਼ਾ ਲਿਆ ਅਤੇ ਅਹਿਮ ਖੁਰਾਕੀ ਤੱਤਾਂ ਨਾਲ ਭਰਪੂਰ ਦਾਲਾਂ-ਸਬਜ਼ੀਆਂ ਨਿਰੰਤਰ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਜ਼ਿਲ੍ਹਾ ਸਕੂਲ ਸਿਹਤ ਮੈਡੀਕਲ ਅਫ਼ਸਰ ਡਾ ਅਮਨਜੋਤ, ਪ੍ਰਿੰਸੀਪਲ ਅਰਜੋਤ ਕੌਰ ਤੇ ਸਟਾਫ਼ ਹਾਜ਼ਰ ਸੀ।