ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਸਤੰਬਰ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਵਿਦਿਆਰਥਣਾਂ ਨੂੰ ਮਿਡ-ਡੇਅ ਮੀਲ ਤਹਿਤ ਪਰੋਸੇ ਜਾ ਰਹੇ ਭੋਜਨ ਦੀ ਜਾਂਚ ਕੀਤੀ। ਉਨ੍ਹਾਂ ਇਸ ਦੌਰਾਨ ਮਿਡ-ਡੇਅ ਮੀਲ ਦੇ ਰਜਿਸਟਰ ਵਿੱਚ ਦਰਜ ਰਾਸ਼ਨ ਸਟਾਕ, ਭੋਜਨ ਨੂੰ ਤਿਆਰ ਕਰਨ ਦੀ ਪ੍ਰਕਿਰਿਆ, ਰਸੋਈ ਵਿੱਚ ਸਾਫ਼ ਸਫਾਈ ਦੀ ਵਿਵਸਥਾ, ਭੋਜਨ ਸਬੰਧੀ ਸਮਾਂ ਸਾਰਨੀ ਸੂਚੀ ਆਦਿ ਦਾ ਵੀ ਜਾਇਜ਼ਾ ਲਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨਾਲ ਜ਼ਮੀਨ ’ਤੇ ਬੈਠ ਕੇ ਖਾਣਾ ਖਾਧਾ ਅਤੇ ਖਾਣਾ ਖਾਂਦਿਆਂ ਕੁਝ ਵਿਦਿਆਰਥਣਾਂ ਨੂੰ ਜੀਵਨ ਲਈ ਨਿਰਧਾਰਿਤ ਕੀਤੇ ਟੀਚਿਆਂ ਬਾਰੇ ਵੀ ਪੁੱਛਿਆ ਅਤੇ ਉਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਈ ਕਰਨ ਅਤੇ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਖਾਣਾ ਖਾ ਰਹੀਆਂ ਵਿਦਿਆਰਥਣਾਂ ਅਤੇ ਮਿਡ-ਡੇਅ ਮੀਲ ਵਰਕਰਾਂ ਨਾਲ ਗੱਲਬਾਤ ਕਰਦਿਆਂ ਰੋਜ਼ਾਨਾ ਦੇ ਆਧਾਰ ’ਤੇ ਮੁਹੱਈਆ ਕਰਵਾਏ ਜਾ ਰਹੇ ਭੋਜਨ ਦੀ ਗੁਣਵੱਤਾ ਬਾਰੇ ਵੀ ਫੀਡਬੈਕ ਹਾਸਲ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਦੱਸਿਆ ਕਿ ਉਨ੍ਹਾਂ ਨੂੰ ਵਧੀਆ ਅਤੇ ਸਾਫ਼ ਸੁਥਰਾ ਭੋਜਨ ਮਿਲਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਰੋਸੇ ਜਾਣ ਵਾਲੇ ਭੋਜਨ ਦੀ ਪੌਸ਼ਟਿਕਤਾ ਤੇ ਸ਼ੁਧਤਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਜਿਸ ਦੀ ਇੰਨ ਬਿੰਨ ਪਾਲਣਾ ਨੂੰ ਹਰ ਸਰਕਾਰੀ ਸਕੂਲ ਵਿੱਚ ਲਾਗੂ ਕਰਨ ਦੀਆਂ ਹਦਾਇਤਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਸਕੂਲ ਵਿਖੇ ਭੋਜਨ ਤਿਆਰ ਕਰਨ ਮੌਕੇ ਗੁਣਵੱਤਾ ਤੇ ਸਾਫ ਸਫ਼ਾਈ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।