dc complex: ਵਾਹਨ ਹਟਾਉਣ ਦੇ ਬਾਵਜੂਦ ਕੰਪਲੈਕਸ ਦਾ ਮੁੱਖ ਗੇਟ ਬੰਦ
ਭੱਠਾ ਮਜ਼ਦੂਰ 38 ਦਿਨਾਂ ਤੋਂ ਦਫ਼ਤਰ ਅੱਗੇ ਪੱਕੇ ਮੋਰਚੇ ’ਤੇ ਡਟੇ
ਪਿਛਲੇ 38 ਦਿਨਾਂ ਤੋਂ ਕਿਸਾਨ-ਮਜ਼ਦੂਰ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਪੱਕੇ ਮੋਰਚੇ ’ਤੇ ਡਟੇ ਭੱਠਾ ਮਜ਼ਦੂਰਾਂ ਵਲੋਂ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰ ਕੇ ਡੀ ਸੀ ਕੰਪਲੈਕਸ ਦੇ ਮੁੱਖ ਗੇਟ ਦਾ ਘਿਰਾਓ ਕੀਤਾ ਹੋਇਆ ਸੀ ਪਰ ਰੋਜ਼ਾਨਾ ਡੀ ਸੀ ਕੰਪਲੈਕਸ ਵਿਚ ਆਉਣ-ਜਾਣ ਵਾਲੇ ਲੋਕ ਗੇਟ ਬੰਦ ਹੋਣ ਕਾਰਨ ਖੱਜਲ ਖੁਆਰ ਹੋ ਰਹੇ ਸਨ। ਲੋਕਾਂ ਦੀ ਇਸ ਸਮੱਸਿਆ ਨੂੰ ਮੁੱਖ ਰੱਖਦਿਆਂ ਭੱਠਾ ਮਜ਼ਦੂਰਾਂ ਵਲੋਂ ਦੋ ਦਿਨ ਪਹਿਲਾਂ ਮੁੱਖ ਗੇਟ ਅੱਗੇ ਖੜ੍ਹੇ ਟਰੈਕਟਰ-ਟਰਾਲੀਆਂ ਨੂੰ ਹਟਾ ਲਿਆ ਗਿਆ ਸੀ ਅਤੇ ਗੇਟ ਅੱਗੇ ਸੜਕ ਖਾਲੀ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਹਾਲੇ ਤੱਕ ਵੀ ਡੀ ਸੀ ਕੰਪਲੈਕਸ ਦਾ ਮੁੱਖ ਗੇਟ ਬੰਦ ਪਿਆ ਹੈ। ਪ੍ਰਸ਼ਾਸ਼ਨ ਵਲੋਂ ਗੇਟ ਨਾਲ ਖੋਲ੍ਹਣ ਕਾਰਨ ਵਾਹਨਾਂ ’ਤੇ ਆਉਣ ਵਾਲੇ ਲੋਕਾਂ ਅਤੇ ਦਫ਼ਤਰੀ ਮੁਲਾਜ਼ਮਾਂ ਨੂੰ ਕੰਪਲੈਕਸ ਦੇ ਪਿਛਲੇ ਗੇਟ ਰਾਹੀਂ ਆਉਣਾ ਜਾਣਾ ਪੈ ਰਿਹਾ ਹੈ।
ਦੋ ਦਿਨ ਪਹਿਲਾਂ ਡੀ ਸੀ ਕੰਪਲੈਕਸ ਦੇ ਮੁੱਖ ਗੇਟ ਅੱਗਿਓਂ ਟਰੈਕਟਰ-ਟਰਾਲੀਆਂ ਹਟਾਉਂਦਿਆਂ ਕਿਸਾਨ-ਮਜ਼ਦੂਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟਧਰਮੂ ਨੇ ਕਿਹਾ ਸੀ ਕਿ ਲੋਕਾਂ ਦੀ ਮੁਸ਼ਕਲ ਨੂੰ ਮੁੱਖ ਰੱਖਦਿਆਂ ਉਹ ਗੇਟ ਅੱਗੋਂ ਟਰੈਕਟਰ-ਟਰਾਲੀਆਂ ਹਟਾ ਰਹੇ ਹਨ। ਮੁੱਖ ਗੇਟ ਅੱਗੇ ਤਿੰਨ ਵੱਖ-ਵੱਖ ਜਥੇਬੰਦੀਆਂ ਭੱਠਾ ਮਜ਼ਦੂਰ, ਆਦਰਸ਼ ਸਕੂਲ ਮੁਲਾਜ਼ਮ ਅਤੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਪੱਕੇ ਰੋਸ ਧਰਨੇ ਚੱਲ ਰਹੇ ਹਨ। ਇਨ੍ਹਾਂ ਧਰਨਿਆਂ ਕਾਰਨ ਹੀ ਪ੍ਰਸ਼ਾਸਨ ਵਲੋਂ ਮੁੱਖ ਗੇਟ ਨਹੀਂ ਖੋਲ੍ਹਿਆ ਜਾ ਰਿਹਾ ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਭੱਠਾ ਮਜ਼ਦੂਰ ਮੰਗ ਕਰ ਰਹੇ ਹਨ ਕਿ ਕਿਰਤ ਵਿਭਾਗ ਵੱਲੋਂ ਜਾਰੀ ਸਰਕਾਰੀ ਉਜਰਤਾਂ ਨੂੰ ਲਾਗੂ ਕੀਤਾ ਜਾਵੇ ਤੇ ਆਉਣ ਵਾਲੇ ਸੀਜ਼ਨ ਲਈ ਭੱਠਾ ਮਾਲਕਾਂ ਤੋਂ ਸਰਕਾਰੀ ਲਿਖਤੀ ਭਰੋਸਾ ਦਿਵਾਇਆ ਜਾਵੇ। ਸੂਬਾ ਪ੍ਰਧਾਨ ਨੇ ਦੱਸਿਆ ਕਿ 18 ਅਗਸਤ ਨੂੰ ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਭੱਠਾ ਮਾਲਕ ਐਸੋਸੀਏਸ਼ਨ ਨਾਲ ਮੀਟਿੰਗ ਹੈ ਪਰ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਪੱਕਾ ਮੋਰਚਾ ਜਾਰੀ ਰਹੇਗਾ।

