Custodial Death: ਨੌਜਵਾਨ ਦੀ ਮੌਤ ਮਗਰੋਂ ਇਨਸਾਫ਼ ਲਈ ਧਰਨਾ
ਪਿੰਡ ਸ਼ੁਤਰਾਣਾ ਦੇ ਲੁਧਿਆਣਾ ਜੇਲ੍ਹ ਵਿੱਚ ਭੇਜੇ ਗੁਰਸਿੱਖ ਨੌਜਵਾਨ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ। ਜੇਲ੍ਹ ਪ੍ਰਸਾਸ਼ਨ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਪਿੰਡ ਵਾਸੀਆਂ, ਧਾਰਮਿਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀ...
ਪਿੰਡ ਸ਼ੁਤਰਾਣਾ ਦੇ ਲੁਧਿਆਣਾ ਜੇਲ੍ਹ ਵਿੱਚ ਭੇਜੇ ਗੁਰਸਿੱਖ ਨੌਜਵਾਨ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ। ਜੇਲ੍ਹ ਪ੍ਰਸਾਸ਼ਨ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਪਿੰਡ ਵਾਸੀਆਂ, ਧਾਰਮਿਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਸਹਿਯੋਗ ਨਾਲ ਕੌਮੀ ਮਾਰਗ ’ਤੇ ਧਰਨਾ ਦਿੱਤਾ। ਡੀ ਐੱਸ ਪੀ ਪਾਤੜਾਂ ਗੁਰਦੀਪ ਸਿੰਘ ਸੰਧੂ ਨੇ ਧਰਨਾਕਾਰੀਆਂ ਨਾਲ ਕੀਤੀ, ਪਰ ਗਲਬਾਤ ਬੇਸਿੱਟਾ ਰਹਿਣ ’ਤੇ ਧਰਨਾਕਾਰੀਆਂ ਨੇ 6 ਜੁਲਾਈ ਨੂੰ ਪਾਤੜਾਂ ’ਚ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਅੱਜ ਦੇ ਧਰਨੇ ਕਾਰਨ ਕੌਮੀ ਮਾਰਗ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਇਸੇ ਦੌਰਾਨ ਥਾਣਾ ਸ਼ਤਰਾਣਾ ਮੁਖੀ ਜਸਪਾਲ ਸਿੰਘ ਨੇ ਆਵਾਜਾਈ ਨੂੂੰ ਬਦਲਵੇਂ ਰੂਟ ਰਾਹੀਂ ਭੇਜਿਆ।
ਮ੍ਰਿਤਕ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਅਰਸ਼ਦੀਪ ਸਿੰਘ ਨੂੰ 15 ਦਿਨ ਪਹਿਲਾਂ ਇੱਕ ਕੇਸ ਦੇ ਮਾਮਲੇ ’ਚ ਮੁੱਲਾਂਪੁਰ ਦਾਖਾ ਦੀ ਪੁਲੀਸ ਲੈ ਗਈ ਸੀ। ਹਾਈ ਕੋਰਟ ਨੇ ਫ਼ੈਸਲਾ ਕਰ ਕੇ ਅਰਸ਼ਦੀਪ ਸਿੰਘ ਨੂੰ ਘਰ ਭੇਜ ਦਿੱਤਾ ਸੀ ਪਰ ਮੁੱਲਾਂਪੁਰ ਦਾਖਾ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਅਰਸ਼ਦੀਪ ਸਿੰਘ ਨੂੰ ਦੁਬਾਰਾ ਹਿਰਾਸਤ ’ਚ ਲੈ ਕੇ ਲੁਧਿਆਣਾ ਜੇਲ੍ਹਾ ਭੇਜ ਦਿੱਤਾ ਸੀ। ਪੁਲੀਸ ਨੇ 3 ਜੁਲਾਈ ਨੂੰ ਸ਼ੁਤਰਾਣਾ ਦੇ ਸਰਪੰਚ ਰਮੇਸ਼ ਕੁਮਾਰ ਨੂੰ ਦੱਸਿਆ ਕਿ ਅਰਸ਼ਦੀਪ ਸਿੰਘ ਦੀ ਹਾਲਤ ਖ਼ਰਾਬ ਹੈ। ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਅਰਸ਼ਦੀਪ ਦੀ ਮਾਂ ਜਦੋਂ ਆਪਣੇ ਪੁੱਤਰ ਨੂੰ ਮਿਲ਼ਣ ਹਸਪਤਾਲ ਪਹੁੰਚੀ ਤਾਂ ਪੁਲੀਸ ਨੇ ਉਸ ਨੂੰ ਮਿਲਣ ਨਾ ਦਿੱਤਾ। ਸਰਬਜੀਤ ਕੌਰ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਦੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਇਨਸਾਫ਼ ਦਿੱਤਾ ਜਾਵੇ।
ਸਾਬਕਾ ਸਰਪੰਚ ਪਲਵਿੰਦਰ ਕੌਰ ਹਰਿਆਊ, ਸਰਪੰਚ ਰਮੇਸ਼ ਕੁਮਾਰ ਆਦਿ ਨੂੰ ਡੀ ਐੱਸ ਪੀ ਪਾਤੜਾਂ ਨੇ ਕਿਹਾ ਹੈ ਕਿ ਅਰਸ਼ਦੀਪ ਸਿੰਘ ਦੇ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਜਾਵੇਗਾ ਪਰ ਧਰਨਕਾਰੀਆਂ ਨੇ ਕਿਹਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ 50 ਲੱਖ ਰੁਪਏ ਦੀ ਮਾਲੀ ਸਹਾਇਤਾ ਕੀਤੀ ਜਾਵੇ। ਡੀ ਐੱਸ ਪੀ ਪਾਤੜਾਂ ਨੇ ਕਿਹਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਤਾਂ ਧਰਨਾਕਾਰੀਆਂ ਨੇ ਫ਼ੈਸਲਾ ਕੀਤਾ ਹੈ ਕਿ ਜੇ ਇਨਸਾਫ਼ ਨਾ ਮਿਲਿਆ ਤਾਂ 6 ਜੁਲਾਈ ਤੋਂ ਸ਼ਹਿਰ ਦੇ ਭਗਤ ਸਿੰਘ ਚੌਕ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
