DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੇਮੌਸਮੇ ਮੀਂਹ ਕਾਰਨ ਫ਼ਸਲਾਂ ਵਿਛੀਆਂ

ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਕਈ ਦਿਨਾਂ ਤੋਂ ਰੁਕ-ਰੁਕ ਪੈ ਰਹੇ ਮੀਂਹ ਅਤੇ ਆਸਮਾਨ ਵਿੱਚ ਚੜ੍ਹ-ਚੜ੍ਹ ਆਉਂਦੀਆਂ ਕਾਲੀਆਂ ਘਟਾਵਾਂ ਕਾਰਨ ਕਿਸਾਨਾਂ ਨੂੰ ਕੁਦਰਤੀ ਮਾਰ ਦਾ ਡਰ ਸਤਾ ਰਿਹਾ ਹੈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ...

  • fb
  • twitter
  • whatsapp
  • whatsapp
featured-img featured-img
ਪਿੰਡ ਬਡਰੁੱਖਾਂ ਦੇ ਖੇਤਾਂ ਵਿੱਚ ਮੀਂਹ ਤੇ ਹਵਾ ਕਾਰਨ ਵਿਛੀ ਕਣਕ ਦੀ ਫ਼ਸਲ।
Advertisement

ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਕਈ ਦਿਨਾਂ ਤੋਂ ਰੁਕ-ਰੁਕ ਪੈ ਰਹੇ ਮੀਂਹ ਅਤੇ ਆਸਮਾਨ ਵਿੱਚ ਚੜ੍ਹ-ਚੜ੍ਹ ਆਉਂਦੀਆਂ ਕਾਲੀਆਂ ਘਟਾਵਾਂ ਕਾਰਨ ਕਿਸਾਨਾਂ ਨੂੰ ਕੁਦਰਤੀ ਮਾਰ ਦਾ ਡਰ ਸਤਾ ਰਿਹਾ ਹੈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਵਾਢੀ ਲਈ ਬਿਲਕੁਲ ਤਿਆਰ ਖੜ੍ਹੀ ਹੈ ਪਰ ਬੇਮੌਸਮੀਂ ਬਰਸਾਤ ਅਤੇ ਹਵਾਵਾਂ ਨੇ ਜਿਥੇ ਫ਼ਸਲ ਖੇਤਾਂ ਵਿਚ ਵਿਛਾ ਦਿੱਤੀ ਹੈ ਉਥੇ ਸ਼ਹਿਰ ਵੀ ਜਲਥਲ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੰਘੀ ਰਾਤ ਖੇਤਰ ਵਿੱਚ ਪਏ ਭਰਵੇਂ ਮੀਂਹ ਕਾਰਨ ਕਣਕ ਦੇ ਖੇਤਾਂ ਵਿਚ ਪਾਣੀ ਭਰ ਗਿਆ ਹੈ ਅਤੇ ਹਵਾਵਾਂ ਨੇ ਫ਼ਸਲ ਧਰਤੀ ’ਤੇ ਵਿਛਾ ਦਿੱਤੀ ਹੈ। ਪਿੰਡ ਬਡਰੁੱਖਾਂ ਦੇ ਕਿਸਾਨ ਇੰਦਰਪਾਲ ਸਿੰਘ ਡਿੰਪਾ ਦਾ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਨੇ ਖੇਤਾਂ ਵਿਚ ਪੱਕ ਕੇ ਵਾਢੀ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਖੇਤਾਂ ਵਿਚ ਵਿਛਾ ਦਿੱਤੀ ਹੈ। ਰਾਤ ਹੋਈ ਬਰਸਾਤ ਕਾਰਨ ਖੇਤਾਂ ਵਿਚ ਪਾਣੀ ਭਰ ਗਿਆ ਹੈ। ਅਜਿਹੇ ਹਾਲਾਤ ਵਿਚ ਖੇਤ ਵਿਚ ਕੰਬਾਈਨ ਨਹੀਂ ਚੱਲ ਸਕਦੀ। ਖੇਤਾਂ ਵਿਚ ਕਣਕ ਦੀ ਫ਼ਸਲ ਵਿਛ ਜਾਣ ਕਾਰਨ ਕਣਕ ਦਾ ਦਾਣਾ ਖਰਾਬ ਹੋ ਜਾਵੇਗਾ ਜਿਸ ਕਾਰਨ ਕਣਕ ਦਾ ਝਾੜ ਘਟਣ ਦਾ ਖ਼ਦਸ਼ਾ ਹੈ। ਪਿੰਡ ਮੰਗਵਾਲ ਦੇ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅੰਨਦਾਤਾ ਤਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਹੈ ਪਰ ਹੁਣ ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਡੂੰਘੀ ਚਿੰਤਾ ਵਿਚ ਹੈ। ਉਨ੍ਹਾਂ ਕਿਹਾ ਕਿ ਜੇ ਅਗਲੇ ਦਿਨਾਂ ਦੌਰਾਨ ਮੌਸਮ ਠੀਕ ਰਿਹਾ ਤਾਂ ਬਚਾਅ ਰਹਿ ਸਕਦਾ ਹੈ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਧਰਮਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਤੋਂ ਬਚਾਅ ਹੈ।

ਦੇਵੀਗੜ੍ਹ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿੱਚ ਬੇਮੌਸਮੇ ਮੀਂਹ ਨੇ ਕਣਕ ਦੀ ਕਟਾਈ ਦੇ ਕੰਮ ਨੂੰ ਲਗਭਗ ਠੱਪ ਕਰ ਦਿੱਤਾ ਹੈ। ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਫਸਲ ਮੀਂਹ ਕਾਰਨ ਖਰਾਬ ਹੋਣ ਕੰਢੇ ਹੈ। ਸਥਾਨਕ ਮੰਡੀਆਂ ਵਿੱਚ 3 ਅਪਰੈਲ ਤੋਂ ਕਣਕ ਦੀ ਆਮਦ ਸ਼ੁਰੂ ਹੋ ਗਈ ਸੀ। ਕਿਸਾਨਾਂ ਨੇ ਕਟਾਈ ਦਾ ਕੰਮ ਵੀ ਤੇਜ਼ ਕਰ ਦਿੱਤਾ ਸੀ ਪਰ ਅਚਾਨਕ ਖਰਾਬ ਮੌਸਮ ਨੇ ਸਾਰੀ ਸਥਿਤੀ ਬਦਲ ਕੇ ਰੱਖ ਦਿੱਤੀ ਹੈ। ਮੰਡੀ ਪਹੁੰਚੀ ਫਸਲ ਵਿੱਚ ਨਮੀ ਦੀ ਮਾਤਰਾ ਵੱਧ ਜਾਣ ਕਾਰਨ ਤੁਲਾਈ ਦਾ ਕੰਮ ਰੋਕ ਦਿੱਤਾ ਗਿਆ ਹੈ। ਨਮੀ ਵੱਧ ਹੋਣ ਨਾਲ ਸਰਕਾਰੀ ਮਿਆਰਾਂ ਅਨੁਸਾਰ ਖਰੀਦ ਵਿੱਚ ਰੁਕਾਵਟ ਆ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਧਨਸਾਧਾਂ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਸ਼ੈੱਡ ਨਾ ਹੋਣ ਕਾਰਨ ਫਸਲਾਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ, ਜੋ ਮੀਂਹ ਨਾਲ ਹੋਰ ਭਿੱਜ ਰਹੀਆਂ ਹਨ। ਇਸ ਨਾਲ ਸਿਰਫ਼ ਫਸਲ ਦੀ ਗੁਣਵੱਤਾ ਪ੍ਰਭਾਵਿਤ ਹੀ ਨਹੀਂ ਹੋ ਰਹੀ, ਸਗੋਂ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਡਰ ਵੀ ਸਤਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਜਲਦੀ ਸਾਫ਼ ਨਾ ਹੋਇਆ ਫਸਲਾਂ ਦਾ ਨੁਕਸਾਨ ਹੋਰ ਵਧ ਸਕਦਾ ਹੈ।

Advertisement

ਡਕਾਲਾ (ਮਾਨਵਜੋਤ ਭਿੰਡਰ): ਬੇਮੌਸਮੀ ਬਰਸਾਤ ਨੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ| ਲੰਘੇ ਕੱਲ੍ਹ ਤੋਂ ਭਾਵੇਂ ਮੌਸਮ ਖਰਾਬ ਚੱਲ ਰਿਹਾ ਸੀ ਪਰ ਲੰਘੀ ਰਾਤ ਤੇ ਅੱਜ ਦਿਨ ’ਚ ਰੁਕ-ਰੁਕ ਕੇ ਮੀਂਹ ਪੈਣ ਕਾਰਨ ਕਣਕ ਦੀ ਵਾਢੀ ਦਾ ਕੰਮ ਰੁਕ ਗਿਆ ਹੈ| ਕਿਸਾਨਾਂ ਨੇ ਦੱਸਿਆ ਕਿ ਖੇਤਾਂ ’ਚ ਖੜ੍ਹੀ ਕਣਕ ਦੀ ਫ਼ਸਲ ਪੱਕ ਚੁੱਕੀ ਹੈ, ਜਿਸ ਨੂੰ ਕੱਟਣ ਲਈ ਕੰਬਾਈਨਾਂ ਦਾ ਗੇੜ ਹਾਲੇ ਸ਼ੁਰੂ ਹੀ ਹੋਇਆ ਸੀ ਕਿ ਮੀਂਹ ਕਾਰਨ ਵਾਢੀ ਦਾ ਕੰਮ ਰੁਕ ਗਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ’ਚ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ| ਪੰਜਾਬ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਰਾਬੇ ਦੀ ਭਰਪਾਈ ਕੀਤੀ ਜਾਵੇ।

Advertisement

ਮੀਂਹ ਤੇ ਗੜਿਆਂ ਕਾਰਨ ਫ਼ਸਲਾਂ ਨੁਕਸਾਨੀਆਂ

ਲੌਂਗੋਵਾਲ (ਰਘਵੀਰ ਸਿੰਘ ਚੰਗਾਲ): ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਲੰਘੀ ਰਾਤ ਲੌਂਗੋਵਾਲ ਅਤੇ ਇਲਾਕੇ ਦੇ ਕਈ ਪਿੰਡਾਂ ਵਿੱਚ ਮੀਂਹ ਨਾਲ ਪਏ ਗੜਿਆਂ ਨੇ ਕਣਕ, ਸਰ੍ਹੋਂ ਤੇ ਮੱਕੀ ਦੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਕੀਤਾ ਹੈ। ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛਣ ਨਾਲ ਝਾੜ ਘਟਣ ਦਾ ਖਦਸ਼ਾ ਹੈ। ਲੌਂਗੋਵਾਲ ਦੇ ਇੱਕ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਕਣਕ ਦਾ ਝਾੜ 15 ਤੋਂ 20 ਫੀਸਦੀ ਤੱਕ ਘੱਟ ਸਕਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਬਲੌਰ ਸਿੰਘ ਛੰਨਾਂ, ਜਰਨੈਲ ਸਿੰਘ ਜਵੰਧਾ ਪਿੰਡੀ, ਨਿਰਪਜੀਤ ਸਿੰਘ ਬਡਬਰ ਤੇ ਬਲਦੇਵ ਸਿੰਘ ਬਡਬਰ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਲੌਂਗੋਵਾਲ, ਕੁਲਵਿੰਦਰ ਸਿੰਘ ਸੋਨੀ, ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਬਡਬਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿਸਾਨਾਂ ਦੇ ਕੁਦਰਤੀ ਕਰੋਪੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ।

ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇ ਸਰਕਾਰ: ਹਰਪਾਲਪੁਰ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਘਨੌਰ ਤੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਈ ਥਾਵਾਂ ’ਤੇ ਫਸਲ ਵਿਛ ਗਈ ਹੈ ਜਿਸ ਨੂੰ ਹੁਣ ਨਾ ਮਸ਼ੀਨਾਂ ਨਾਲ ਤੇ ਨਾ ਹੀ ਹੱਥਾਂ ਨਾਲ ਕੱਟਣਾ ਆਸਾਨ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਕਾਰਨ ਕਿਸਾਨਾਂ ਦੀ ਮਿਹਨਤ ਮਿੱਟੀ ਵਿੱਚ ਮਿਲ ਰਹੀ ਹੈ ਅਤੇ ਕਈ ਕਿਸਾਨਾਂ ਦੀ ਪਿਛਲੀ ਫਸਲ ਵੀ ਨੁਕਸਾਨੀ ਹੋ ਚੁੱਕੀ ਹੈ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਲਈ ਆਰਥਿਕ ਸੰਕਟ ਹੋਰ ਡੂੰਘਾ ਹੋ ਜਾਂਦਾ ਹੈ। ਹਰਪਾਲਪੁਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਸੰਪਰਕ ਕਰਕੇ ਵਧੇਰੇ ਮਦਦ ਲੈਣੀ ਚਾਹੀਦੀ ਹੈ ਤਾਂ ਜੋ ਮੁਸੀਬਤ ਵਿੱਚ ਘਿਰੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਉਹ ਨਿਰਾਸ਼ਾ ਤੋਂ ਬਚ ਸਕਣ।

Advertisement
×