CPI ਵੱਲੋਂ Punjab ਦੇ ਮੁੱਦਿਆਂ ’ਤੇ ਸੰਘਰਸ਼ ਦਾ ਐਲਾਨ
ਪਟਿਆਲਾ ਵਿੱਚ ਕਨਵੈਨਸ਼ਨ 27 ਨੂੰ; ਦਿੱਲੀ ਰੈਲੀ ਦੀਆਂ ਤਿਆਰੀਆਂ ਤੇਜ਼
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਬਲਾਕ ਕਮੇਟੀ ਪਾਤੜਾਂ ਦੀ ਅਹਿਮ ਮੀਟਿੰਗ ਗੁਰਦੁਆਰਾ ਰਵਿਦਾਸ ਮੰਦਰ ਵਿੱਚ ਕਾਮਰੇਡ ਜਗਜੀਤ ਸਿੰਘ ਦੁਗਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਨੇ ਸੂਬਾ ਕਾਰਜਕਾਰੀ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਕਾਮਰੇਡ ਮੌਲਵੀਵਾਲਾ ਨੇ ਦੱਸਿਆ ਕਿ ਪੰਜਾਬ ਦੇ ਪਾਣੀਆਂ, ਚੰਡੀਗੜ੍ਹ ’ਤੇ ਹੱਕ, ਪੰਜਾਬੀ ਭਾਸ਼ਾ, ਬੀ ਬੀ ਐੱਮ ਬੀ ਵਿੱਚ ਪੰਜਾਬ ਦੀ ਨੁਮਾਇੰਦਗੀ, ਵਧਦੀ ਮਹਿੰਗਾਈ, ਨਸ਼ੇ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਰਗੇ ਭੱਖਦੇ ਮੁੱਦਿਆਂ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ 27 ਜੁਲਾਈ ਨੂੰ ਪਟਿਆਲਾ ਵਿੱਚ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਹਿਲੀ ਸਤੰਬਰ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਹੋਣ ਵਾਲੀ ਕੌਮੀ ਪੱਧਰ ਦੀ ਰੈਲੀ ਦੀ ਸਫ਼ਲਤਾ ਲਈ 6 ਤੋਂ 15 ਅਗਸਤ ਤੱਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਦ-ਯਾਤਰਾਵਾਂ ਕੱਢ ਕੇ ਲਾਮਬੰਦੀ ਕੀਤੀ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਐਸ ਆਈ ਆਰ ਮੁਹਿੰਮ ਤਹਿਤ ਕੋਝੇ ਹੱਥਕੰਡੇ ਵਰਤ ਕੇ ਵੋਟਾਂ ਕੱਟਣ ਦੀ ਖੇਡ ਖੇਡੀ ਜਾ ਰਹੀ ਹੈ, ਜਿਸ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਸਖ਼ਤ ਲੋੜ ਹੈ।
ਇਸ ਮੌਕੇ ਕਾਮਰੇਡ ਰਾਮਚੰਦ ਚੁਨਾਗਰਾ, ਅਮਰਜੀਤ ਸਿੰਘ ਦੁਗਾਲ, ਘੇਸਾ ਰਾਮ ਨਾਈਵਾਲਾ, ਕੁਲਦੀਪ ਸਿੰਘ ਗਲੌਲੀ, ਨਸੀਬ ਸਿੰਘ ਪੈਂਦ ਅਤੇ ਕਿਰਪਾਲ ਸਿੰਘ ਹਾਜ਼ਰ ਸਨ।

