election: ਕੌਂਸਲ ਚੋਣਾਂ: ਸੰਗਰੂਰ ਜ਼ਿਲ੍ਹੇ ’ਚ 14 ਨਾਮਜ਼ਦਗੀਆਂ
ਦੂਜੇ ਦਿਨ ਨਗਰ ਕੌਂਸਲ ਸੁਨਾਮ ’ਚ 5 ਤੇ ਨਗਰ ਕੌਂਸਲ ਧੂਰੀ ’ਚ 9 ੳੁਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ
ਸੰਗਰੂਰ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਦੂਜੇ ਦਿਨ ਕੁੱਲ 14 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਏ ਡੀ ਸੀ(ਪੇਂਡੂ ਵਿਕਾਸ) -ਕਮ- ਵਧੀਕ ਜ਼ਿਲ੍ਹਾ ਚੋਣ ਅਫਸਰ, ਸੰਗਰੂਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿਚ ਨਗਰ ਕੌਂਸਲ ਸੁਨਾਮ, ਨਗਰ ਕੌਂਸਲ ਧੂਰੀ, ਨਗਰ ਕੌਂਸਲ ਭਵਾਨੀਗੜ੍ਹ ਅਤੇ ਨਗਰ ਕੌਂਸਲ ਲੌਂਗੋਵਾਲ ਲਈ ਚੋਣ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਦਿਨ ਅੱਜ ਨਗਰ ਕੌਂਸਲ ਸੁਨਾਮ ਵਿਖੇ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ਜਦੋਂ ਕਿ ਨਗਰ ਕੌਂਸਲ ਧੂਰੀ ਵਿਖੇ 9 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਨਗਰ ਕੌਂਸਲ ਭਵਾਨੀਗੜ੍ਹ ਤੇ ਨਗਰ ਕੌਂਸਲ ਲੌਂਗੋਵਾਲ ਵਿੱਚ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਗਏ।
ਮਾਲੇਰਕੋਟਲਾ: ਦੂਜੇ ਦਿਨ 17 ਨਾਮਜ਼ਦਗੀ ਪੱਤਰ ਦਾਖ਼ਲ
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀ ਚੋਣ ਲਈ ਅੱਜ ਨਾਮਜ਼ਦਗੀ ਦਾਖਲ ਕਰਨ ਦੇ ਦੂਜੇ ਦਿਨ ਜ਼ਿਲ੍ਹੇ ’ਚ ਵੱਖ-ਵੱਖ ਉਮੀਦਵਾਰਾਂ ਵੱਲੋਂ 17 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਵਧੀਕ ਜ਼ਿਲਾ ਚੋਣਕਾਰ ਅਫਸਰ-ਕਮ-ਏ ਡੀ ਸੀ (ਪੇਂਡੂ ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਕੁੱਲ 18 ਨਾਮਜ਼ਦਗੀਆਂ ਪੁੱਜੀਆਂ ਹਨ। ਦੂਜੇ ਦਿਨ ਨਗਰ ਕੌਂਸਲ ਮਾਲੇਰਕੋਟਲਾ ਲਈ 17 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਜਦ ਕਿ ਨਗਰ ਕੌਂਸਲ ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਵਿਚ ਕਿਸੇ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਇਆ।
ਰਾਜਪੁਰਾ ’ਚ ਕੋਈ ਨਾਮਜ਼ਦਗੀ ਨਹੀਂ
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਐੱਸ ਡੀ ਐੱਮ ਰਾਜਪੁਰਾ ਸੁਖਜਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਵੀ ਕੋਈ ਵੀ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਨਹੀਂ ਪੁੱਜਿਆ। ਨਾਮਜ਼ਦਗੀਆ ਦੀ ਆਖਰੀ ਤਰੀਕ 16 ਮਈ ਹੈ।

