ਠੰਢ ਦੀ ਦਸਤਕ ਮਗਰੋਂ ਰੂੰ ਦੀ ਕਤਾਈ ਸ਼ੁਰੂ
ਠੰਢ ਦੇ ਦਸਤਕ ਦਿੰਦਿਆਂ ਹੀ ਬਾਜ਼ਾਰਾਂ ਵਿੱਚ ਤੇ ਸੜਕਾਂ ਦੇ ਕਿਨਾਰਿਆਂ ’ਤੇ ਗਰਮ ਤੇ ਉੱਨੀ ਕੱਪੜੇ, ਰਜਾਈ ਅਤੇ ਗੱਦੇ ਵੇਚਣ ਵਾਲੀਆਂ ਦੁਕਾਨਾਂ ਦਿਖਾਈ ਦੇਣ ਲੱਗ ਗਈਆਂ ਹਨ। ਠੰਢ ਤੋਂ ਬਚਣ ਲਈ ਲੋਕਾਂ ਵੱਲੋਂ ਰੂੰ ਦੀਆਂ ਰਜਾਈਆਂ ਅਤੇ ਗੱਦੇ ਵੀ ਬਣਾਏ ਜਾ ਰਹੇ ਹਨ। ਸੜਕਾਂ ਦੇ ਨਾਲ-ਨਾਲ ਫੁੱਟਪਾਥਾਂ ’ਤੇ ਰਜਾਈਆਂ ਅਤੇ ਗੱਦੇ ਭਰਨ ਦੀਆਂ ਦੁਕਾਨਾਂ ਲੱਗ ਗਈਆਂ ਹਨ। ਦੁਕਾਨਦਾਰਾਂ ਨੇ ਗਰਮ ਕੱਪੜੇ ਵੇਚਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ, ਸ਼ਹਿਰ ਦੀਆਂ ਸਥਾਈ ਦੁਕਾਨਾਂ ’ਤੇ ਗਰਮ ਕੱਪੜੇ ਮਿਲ ਰਹੇ ਹਨ ਪਰ ਸੀਜ਼ਨ ਲਾਉਣ ਬਾਹਰੋਂ ਆਏ ਲੋਕਾਂ ਨੇ ਵੀ ਗਰਮ ਕੱਪੜੇ ਵੇਚਣ ਲਈ ਆਰਜ਼ੀ ਦੁਕਾਨਾਂ ਖੋਲ੍ਹ ਲਈਆਂ ਹਨ। ਦੁਕਾਨਦਾਰਾਂ ਅਨੁਸਾਰ ਇਸ ਸਾਲ ਚੰਗਾ ਮੀਂਹ ਪੈਣ ਕਾਰਨ ਠੰਢ ਜ਼ਿਆਦਾ ਪੈਣ ਦੀ ਸੰਭਾਵਨਾ ਹੈ। ਗਰਮ ਕੱਪੜਿਆਂ ਦੀ ਆਰਜ਼ੀ ਦੁਕਾਨ ਦੇ ਮਾਲਕ ਸ਼ੰਕਰ ਨੇ ਕਿਹਾ ਕਿ ਉਸ ਨੂੰ ਇਸ ਵਾਰ ਚੰਗੇ ਕਾਰੋਬਾਰ ਦੀ ਉਮੀਦ ਹੈ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਗਰਮ ਕੱਪੜਿਆਂ ਅਤੇ ਰਜਾਈਆਂ, ਗੱਦਿਆਂ ਦੀਆਂ ਕੀਮਤਾਂ ਵਿੱਚ ਲਗਪਗ 10 ਫ਼ੀਸਦ ਦਾ ਵਾਧਾ ਹੋਇਆ ਹੈ। ਦੁਕਾਨਦਾਰ ਕਮਲੇਸ਼ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਵੈਟਰ, ਜੈਕਟ, ਕੋਟੀ, ਮਫ਼ਲਰ, ਦਸਤਾਨੇ, ਟੋਪੀ ਅਤੇ ਹੋਰ ਗਰਮ ਕੱਪੜਿਆਂ ਦੀਆਂ ਕੀਮਤਾਂ ਵਧੀਆਂ ਹਨ। ਠੰਢ ਤੋਂ ਬਚਣ ਲਈ ਲੋਕਾਂ ਵੱਲੋਂ ਰੂੰ ਦੀਆਂ ਰਜਾਈਆਂ ਅਤੇ ਗੱਦੇ ਵੀ ਬਣਾਏ ਜਾ ਰਹੇ ਹਨ। ਸੜਕਾਂ ਦੇ ਨਾਲ-ਨਾਲ ਫੁੱਟਪਾਥਾਂ ’ਤੇ ਰਜਾਈਆਂ ਅਤੇ ਗੱਦੇ ਭਰਨ ਦੀਆਂ ਦੁਕਾਨਾਂ ਲੱਗ ਗਈਆਂ ਹਨ। ਜਿਵੇਂ-ਜਿਵੇਂ ਠੰਢ ਵਧਦੀ ਜਾ ਰਹੀ ਹੈ, ਰਜਾਈਆਂ ਅਤੇ ਗੱਦਿਆਂ ਦੀ ਭਰਾਈ-ਸਿਲਾਈ ਅਤੇ ਮੁਰੰਮਤ ਕਰਨ ਵਾਲੀਆਂ ਦੁਕਾਨਾਂ ’ਤੇ ਵੀ ਗਾਹਕ ਪਹੁੰਚਣੇ ਸ਼ੁਰੂ ਹੋ ਗਏ ਹਨ। ਲੋਕ ਪੁਰਾਣੇ ਗੱਦੇ ਅਤੇ ਰਜਾਈਆਂ ਦੀ ਮੁਰੰਮਤ ਕਰਵਾਉਣ ਦੇ ਨਾਲ-ਨਾਲ ਨਵੇਂ ਗੱਦੇ-ਰਜਾਈਆਂ ਵੀ ਬਣਵਾ ਰਹੇ ਹਨ। ਪਿਛਲੇ 18 ਸਾਲਾਂ ਤੋਂ ਉੱਤਰ ਪ੍ਰਦੇਸ਼ ਤੋਂ ਇੱਥੇ ਆ ਕੇ ਰਜਾਈਆਂ, ਗੱਦੇ ਅਤੇ ਸਿਰਹਾਣੇ ਭਰਨ ਦਾ ਕੰਮ ਕਰਨ ਵਾਲੇ ਅਸਲਮ ਨੇ ਦੱਸਿਆਂ ਕਿ ਪਿਛਲੇ ਦੋ-ਤਿੰਨ ਦਿਨਾਂ ਵਿੱਚ ਗਾਹਕਾਂ ਦੀ ਆਮਦ ਵਧੀ ਹੈ। ਲੋਕ ਲਗਾਤਾਰ ਨਵੀਆਂ ਰਜਾਈਆਂ ਬਣਾਉਣ ਅਤੇ ਪੁਰਾਣੀਆਂ ਰਜਾਈਆਂ ਭਰਾਉਣ ਲਈ ਆ ਰਹੇ ਹਨ। ਬਿਹਾਰ ਦੇ ਪਟਨਾ ਦੇ ਗੌਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਜਿਹਾ ਹੋਣ ਨਾਲ ਉਨ੍ਹਾਂ ਦੇ ਰਜਾਈਆਂ -ਗੱਦੇ ਭਰਨ ਦੇ ਕੰਮ ਵਿੱਚ ਤੇਜ਼ੀ ਆਵੇਗੀ।
