ਖੇਤਰੀ ਪ੍ਰਤੀਨਿਧ
ਪਟਿਆਲਾ, 16 ਜੂਨ
ਕਰੋਨਾ ਨਾਲ਼ ਅੱਜ ਪਟਿਆਲਾ ਜ਼ਿਲ੍ਹੇ ’ਚ ਦੋ ਹੋਰ ਮੌਤਾਂ ਹੋ ਗਈਆਂ। ਇਸ ਨਾਲ਼ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1317 ਹੋ ਗਈ ਹੈ। ਉਧਰ, ਜ਼ਿਲ੍ਹੇ ਅੰਦਰ ਅੱਜ 69 ਹੋਰ ਕੋਵਿਡ ਪਾਜ਼ੇਟਿਵ ਕੇਸ ਮਿਲੇ ਹਨ। ਇਸ ਨਾਲ਼ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 48,151 ਹੋ ਗਈ ਹੈ ਜਦੋਂਕਿ ਅੱਜ 90 ਹੋਰ ਮਰੀਜ਼ਾਂ ਨੇ ਕੋਵਿਡ ’ਤੇ ਜਿੱਤ ਵੀ ਹਾਸਲ ਕੀਤੀ। ਇਸ ਨਾਲ਼ ਠੀਕ ਹੋਣ ਵਾਲ਼ੇ ਕੁੱਲ ਮਰੀਜ਼ਾਂ ਦੀ ਗਿਣਤੀ 46,211 ਹੋ ਗਈ ਹੈ। ਜ਼ਿਲ੍ਹੇ ਵਿਚ ਇਸ ਵੇਲ਼ੇ ਐਕਟਿਵ ਕੇਸ 623 ਹਨ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ 6710 ਹੋਰ ਦੇ ਟੀਕੇ ਲੱਗਣ ਨਾਲ਼ ਟੀਕਾਕਰਨ ਦਾ ਅੰਕੜਾ 3,92,473 ਹੋ ਗਿਆ ਹੈ। ਕਰੋਨਾ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸਮਿਤ ਸਿੰਘ ਨੇ ਅੱਜ ਇੱਥੇ ਓਮੈਕਸ ਮਾਲ ਸਣੇ ਹੋਰਨਾਂ ਥਾਵਾਂ ’ਤੇ ਲੱਗੇ ਟੀਕਾਕਰਨ ਕੈਂਪਾਂ ਦਾ ਨਿਰੀਖਣ ਕੀਤਾ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸੰਗਰੂਰ ਵਿਚ ਤਿੰਨ ਔਰਤਾਂ ਸਣੇ 5 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦੋਂਕਿ 27 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਤੱਕ ਜ਼ਿਲ੍ਹੇ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 835 ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਕਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 318 ਰਹਿ ਗਈ ਹੈ। ਅੱਜ 52 ਮਰੀਜ਼ ਕਰੋਨਾ ਨੂੰ ਹਰਾ ਕੇ ਤੰਦਰੁਸਤ ਹੋਏ ਹਨ। ਅੱਜ 52 ਮਰੀਜ਼ ਕਰੋਨਾਂ ਨੂੰ ਹਰਾ ਕੇ ਤੰਦਰੁਸਤ ਹੋਏ ਹਨ।
ਸੀਟੀ/ਐਚਆਰਸੀਟੀ ਸਕੈਨ ਦੇ ਭਾਅ ਸਬੰਧੀ ਹਦਾਇਤਾਂ ਜਾਰੀ
ਪਟਿਆਲਾ: ਸਿਹਤ ਵਿਭਾਗ ਵੱਲੋਂ ਕੋਵਿਡ-19 ਸਮੇਂ ਛਾਤੀ ਦੇ ਕਰਵਾਏ ਜਾਂਦੇ ਸੀਟੀ/ਐਚਆਰਸੀਟੀ ਸਕੈਨ ਦੇ ਭਾਅ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤਹਿਤ ਕੋਈ ਵੀ ਪ੍ਰਾਈਵੇਟ ਸੈਂਟਰ ਇਸ ਸਕੈਨ ਲਈ ਦੋ ਹਜ਼ਾਰ (ਸਣੇ ਜੀਐਸਟੀ/ਟੈਕਸ) ਤੋਂ ਵੱਧ ਕੀਮਤ ਨਹੀਂ ਵਸੂਲੇਗਾ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਸਬੰਧੀ ਸਮੂਹ ਹਸਪਤਾਲ ਆਪਣਾ ਡੇਟਾ ਸਿਵਲ ਸਰਜਨ ਦਫ਼ਤਰ ਨਾਲ ਸਾਂਝਾ ਕਰਨਗੇ ਅਤੇ ਕੋਵਿਡ-19 ਟੈਸਟ ਲੈਬ ਦੀ ਪੁਸ਼ਟੀ ਤੋਂ ਬਿਨਾਂ ਆਪਣੇ ਪੱਧਰ ’ਤੇ ਸੀਟੀ ਸਕੈਨ ਨੂੰ ਦੇਖ ਕੇ ਕੋਵਿਡ ਦੀ ਰਿਪੋਰਟ ਨਹੀਂ ਦੇਣਗੇ।