ਪੰਚਾਇਤੀ ਜ਼ਮੀਨ ਦੇ ਰਾਹ ਦੀ ਮਿਣਤੀ ਤੋਂ ਭਖਿਆ ਵਿਵਾਦ : The Tribune India

ਪੰਚਾਇਤੀ ਜ਼ਮੀਨ ਦੇ ਰਾਹ ਦੀ ਮਿਣਤੀ ਤੋਂ ਭਖਿਆ ਵਿਵਾਦ

‘ਆਪ’ ਦਾ ਸਰਕਲ ਪ੍ਰਧਾਨ ਜ਼ਖਮੀ; ਸਰਪੰਚ ਤੇ ਉਸ ਦੇ ਪਤੀ ਸਣੇ ਛੇ ਖ਼ਿਲਾਫ਼ ਕੇਸ ਦਰਜ

ਪੰਚਾਇਤੀ ਜ਼ਮੀਨ ਦੇ ਰਾਹ ਦੀ ਮਿਣਤੀ ਤੋਂ ਭਖਿਆ ਵਿਵਾਦ

ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਕਮਲਦੀਪ ਸਿੰਘ।

ਬੀਰਬਲ ਰਿਸ਼ੀ

ਸ਼ੇਰਪੁਰ, 26 ਨਵੰਬਰ

ਪਿੰਡ ਦੀ ਈਨਾਬਾਜਵਾ ਦੀ ਪੰਚਾਇਤੀ ਜ਼ਮੀਨ ਨੂੰ ਪਿੰਡ ਨਾਲ ਜੋੜਨ ਲਈ ਲੋੜੀਦੇ ਕੱਚੇ ਪਹੇ ਲਈ ਮਿਣਤੀ ਕਰਵਾਏ ਜਾਣ ਮੌਕੇ ਹੋਏ ਮਾਮੂਲੀ ਵਿਵਾਦ ਤੋਂ ਹੋਈ ਲੜਾਈ ਵਿੱਚ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਤੇ ਪਿੰਡ ਈਨਾਬਾਜਵਾ ਦਾ ਪੰਚ ਕਮਲਜੀਤ ਸਿੰਘ ਉਰਫ ‘ਕਮਲੀ’ ਜ਼ਖ਼ਮੀ ਹੋ ਗਿਆ। ਉਸ ਨੂੰ ਪਹਿਲਾਂ ਸਰਕਾਰੀ ਹਸਪਤਾਲ ਸ਼ੇਰਪੁਰ ਦਾਖ਼ਲ ਕਰਵਾਇਆ ਗਿਆ, ਮਗਰੋਂ ਧੂਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ‘ਆਪ’ ਆਗੂ ਦੇ ਬਿਆਨਾਂ ਦੇ ਅਧਾਰ ’ਤੇ ਪਿੰਡ ਦੀ ਈਨਾਬਾਜਵਾ ਦੀ ਸਰਪੰਚ ਮਨਪ੍ਰੀਤ ਕੌਰ, ਉਸ ਦੇ ਪਤੀ ਤੇ ਕਾਂਗਰਸੀ ਆਗੂ ਕੁਲਦੀਪ ਸਿੰਘ ਉਰਫ਼ ਕੀਪਾ, ਗਗਨਦੀਪ ਸਿੰਘ, ਬਲਜੀਤ ਕੌਰ, ਬੀਤਾ ਸਿੰਘ, ਹੀਰਾ ਸਿੰਘ ਕੇਸ ਦਰਜ ਕਰ ਲਿਆ ਹੈ। ਪੁਲੀਸ ਕੋਲ ਲਿਖਵਾਏ ਬਿਆਨਾਂ ਵਿੱਚ ‘ਆਪ’ ਆਗੂ ਕਮਲਦੀਪ ਉਰਫ਼ ਕਮਲੀ ਨੇ ਦੋਸ਼ ਲਾਇਆ ਕਿ ਪਿੰਡ ਦੀ 43 ਏਕੜ ਪੰਚਾਇਤੀ ਜ਼ਮੀਨ ਨੂੰ ਕੋਈ ਰਾਹ ਨਾ ਜਾਂਦਾ ਹੋਣ ਕਾਰਨ ਰਸਤਾ ਕਢਵਾਉਣ ਲਈ ਲੋਕ ਇਕੱਠੇ ਹੋਏ ਸੀ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਕਾਰਾਂ ਦੀ ਬੇਅਦਬੀ ਕੀਤੀ। ਵਿਰੋਧੀਆਂ ਦੇ ਪ੍ਰਚਾਰ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਜਿੰਨੀ ਪੰਚਾਇਤੀ ਜ਼ਮੀਨ ’ਤੇ ਗੋਬਰ ਗੈਸ ਪਲਾਂਟ ਹੈ, ਉਨੀ ਆਪਣੇ ਨਾਮ ਵਾਲੀ ਥਾਂ ਉਸ ਨੇ ਪੰਚਾਇਤ ਲਈ ਛੱਡੀ ਹੋਈ ਹੈ ਜਿਸ ਦੀ ਵਿਭਾਗ ਜਦੋਂ ਮਰਜ਼ੀ ਰਜਿਸਟਰੀ ਕਰਵਾ ਲਵੇ। 

ਪੰਚ ਨੇ ਪੰਚਾਇਤੀ ਥਾਂ ’ਤੇ ਗੋਬਰ ਗੈਸ ਪਲਾਂਟ ਲਾਇਆ ਹੋਇਆ ਹੈ: ਸਰਪੰਚ

ਈਨਾਬਾਜਵਾ ਦੀ ਸਰਪੰਚ ਮਨਪ੍ਰੀਤ ਕੌਰ ਨੇ ਕਮਲਦੀਪ ਸਿੰਘ ਵੱਲੋਂ ਲਗਾਏ ਕਕਾਰਾਂ ਦੀ ਬੇਅਦਬੀ ਦੇ ਸਾਰੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ ਅਤੇ ਕਿਹਾ ਕਿ ਉਲਟਾ ਉਸ ਨੇ ਪੰਚਾਇਤੀ ਥਾਂ ’ਤੇ ਗੋਬਰ ਗੈਸ ਪਲਾਂਟ ਲਾਇਆ ਹੋਇਆ ਹੈ ਜੋ ਪੰਚਾਇਤ ਖਾਲੀ ਕਰਵਾ ਰਹੀ ਹੈ। ਸਰਪੰਚ ਦੇ ਪਤੀ ਤੇ ਕਾਂਗਰਸੀ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਕਾਂਗਰਸੀ ਹੋਣ ਕਰਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਉਸ ’ਤੇ ਝੂਠੇ ਪਰਚੇ ਦਰਜ ਕਰਵਾ ਕੇ ਸਿਆਸੀ ਕਿੜ ਕੱਢ ਰਹੇ ਹਨ। ਉਨ੍ਹਾਂ ਬਾਹਰਲੇ ਨੰਬਰਾਂ ਤੋਂ  ਧਮਕੀਆਂ ਮਿਲਣ ’ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨ ਦਾ ਵੀ ਖੁਲਾਸਾ ਕੀਤਾ। 

ਜੋ ਕਰੇਗਾ, ਸੋ ਭਰੇਗਾ: ਵਿਧਾਇਕ ਪੰਡੋਰੀ 

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ‘ਜੋ ਕਰੇਗਾ, ਸੋ ਭਰੇਗਾ’ ਪਰ ਉਸ ’ਤੇ ਸਿਆਸੀ ਰੰਜਿਸ਼ ਦੇ ਦੋਸ਼ ਗਲਤ ਹਨ। ਉਨ੍ਹਾਂ ਉਲਟਾ ਕਾਂਗਰਸੀ ਆਗੂ ਨੂੰ ਸੁਆਲ ਕਰਦਿਆਂ ਕਿਹਾ ਕਿ ਜਿਹੜੇ ਪਰਚੇ ਉਸ ’ਤੇ ਪਹਿਲਾਂ ਦਰਜ ਕਰਵਾਏ ਹਨ ਕੀ ਉਹ ਵੀ ਉਸ ਵੱਲੋਂ ਹੀ ਕਰਵਾਏ ਗਏ ਨੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All