ਸਰਕਾਰੀ ਆਵਾਸ ਯੋਜਨਾ ਦੀ ਗਰਾਂਟ ਤੋਂ ਵਿਵਾਦ
ਪਿੰਡ ਗੁਰਨੇ ਖੁਰਦ ਦੇ ਧੜਿਆਂ ਦੀ ਐੱਸ ਡੀ ਐਮ ਦਫਤਰ ’ਚ ਖਡ਼ਕੀ; ਦੋ ਅੌਰਤਾਂ ਸਣੇ ਤਿੰਨ ਜ਼ਖਮੀ
ਨੇੜਲੇ ਪਿੰਡ ਗੁਰਨੇ ਖੁਰਦ ’ਚ ਸਰਕਾਰੀ ਆਵਾਸ ਯੋਜਨਾ ਦੀ ਗਰਾਂਟ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਕਾਰਨ ਪਿੰਡ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਐੱਸ ਡੀ ਐੱਮ ਦਫ਼ਤਰ ’ਚ ਮਾਮਲੇ ਦੀ ਸੁਣਵਾਈ ਮਗਰੋਂ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਜਿਸ ਦੌਰਾਨ ਦੋ ਔਰਤਾਂ ਸਣੇ ਤਿੰਨ ਜਣੇ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਇੱਕ ਮਕਾਨ ਮਾਲਕ ਨੂੰ ਇਸ ਯੋਜਨਾ ਤਹਿਤ 1.20 ਲੱਖ ਰੁਪਏ ਮਨਜ਼ੂਰ ਹੋਏ ਸਨ, ਜਿਸ ਵਿੱਚੋਂ ਪਹਿਲੀ ਕਿਸ਼ਤ 70 ਹਜ਼ਾਰ ਰੁਪਏ ਜਾਰੀ ਹੋਣ ਉਪਰੰਤ ਮਕਾਨ ਦੀ ਛੱਤ ਤੱਕ ਉਸਾਰੀ ਵੀ ਕਰ ਲਈ ਗਈ ਹੈ। ਇਸ ਦੌਰਾਨ ਲਾਭਪਾਤਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਦੇ ਸਰਪੰਚ ਮੱਖਣ ਸਿੰਘ ਉੱਤੇ ਦੋਸ਼ ਲਾਇਆ ਗਿਆ ਕਿ ਉਸ ਨੇ ਪਹਿਲੀ ਕਿਸ਼ਤ ਵਿਚੋਂ 20 ਹਜ਼ਾਰ ਰੁਪਏ ਅਫ਼ਸਰਸ਼ਾਹੀ ਨੂੰ ਰਿਸ਼ਵਤ ਦੇਣ ਦੇ ਨਾਂ ’ਤੇ ਰੱਖ ਲਏ ਅਤੇ ਇਹ ਵੀ ਕਿਹਾ ਕਿ ਜੇ ਅਧਿਕਾਰੀਆਂ ਨੂੰ ਪੈਸੇ ਨਾ ਦਿੱਤੇ ਤਾਂ ਬਾਕੀ ਰਹਿੰਦੀ 50 ਹਜ਼ਾਰ ਰੁਪਏ ਦੀ ਕਿਸ਼ਤ ਰੁਕ ਸਕਦੀ ਹੈ। ਦੂਜੇ ਪਾਸੇ ਸਰਪੰਚ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਨਾ ਕਿਸੇ ਅਧਿਕਾਰੀ ਨੇ ਪੈਸੇ ਮੰਗੇ ਹਨ ਅਤੇ ਨਾ ਹੀ ਉਸ ਨੇ ਕਿਸੇ ਨੂੰ ਰਿਸ਼ਵਤ ਦੇਣ ਲਈ ਰਕਮ ਲਈ ਹੈ। ਸਰਪੰਚ ਮੁਤਾਬਕ ਪੈਸਾ ਇਹ ਪੈਸਾ ਉਸ ਦੁਕਾਨਦਾਰ ਨੂੰ ਦੇਣ ਲਈ ਲਿਆ ਗਿਆ ਹੈ, ਜਿਸ ਤੋਂ ਮਕਾਨ ਬਣਾਉਣ ਲਈ ਐਡਵਾਂਸ ਵਿਚ ਮਟੀਰੀਅਲ ਆਪਣੀ ਜ਼ਿੰਮੇਵਾਰੀ ਉੱਤੇ ਦਿਵਾਇਆ ਸੀ ਅਤੇ ਬਾਕੀ ਰਕਮ ਅਗਲੀ ਕਿਸ਼ਤ ਵਿਚੋਂ ਅਦਾ ਕੀਤੀ ਜਾਣੀ ਸੀ। ਲਾਭਪਾਤਰੀ ਧਿਰ ਵੱਲੋਂ ਸਰਪੰਚ ਮੱਖਣ ਸਿੰਘ ਖ਼ਿਲਾਫ਼ ਦਰਖਾਸਤ ਦਿੱਤੀ ਗਈ ਸੀ ਜਿਸ ਦੀ ਸੁਣਵਾਈ ਲਈ ਐੱਸ ਡੀ ਐੱਮ ਰਾਕੇਸ਼ ਪ੍ਰਕਾਸ਼ ਵੱਲੋਂ ਦੋਨਾਂ ਧਿਰਾਂ ਨੂੰ ਦਫ਼ਤਰ ਬੁਲਾਇਆ ਅਤੇ ਉਨ੍ਹਾਂ ਦੇ ਬਿਆਨ ਨੋਟ ਕੀਤੇ। ਜਦੋਂ ਦੋਨੋਂ ਧਿਰਾਂ ਦਫ਼ਤਰ ਤੋਂ ਬਾਹਰ ਆਈਆਂ ਤਾਂ ਆਪਸੀ ਤਕਰਾਰ ਹੋ ਗਿਆ ਅਤੇ ਗੱਲ ਵਧਣ ’ਤੇ ਝਗੜਾ ਹੋ ਗਿਆ, ਜਿਸ ਵਿੱਚ ਕਰਮਜੀਤ ਕੌਰ ਅਤੇ ਸੁਖਪਾਲ ਕਰ ਸਮੇਤ ਇੱਕ ਹੋਰ ਵਿਅਕਤੀ ਜਖ਼ਮੀ ਹੋ ਗਿਆ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਨੋਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।

