ਰਮੇਸ਼ ਭਾਰਦਵਾਜ
ਲਹਿਰਾਗਾਗਾ, 26 ਫਰਵਰੀ
ਇਥੇ ਲਹਿਰਾ ਵਿਕਾਸ ਮੰਚ ਵੱਲੋਂ 17 ਫਰਵਰੀ ਨੂੰ ਨਗਰ ਕੌਂਸਲ ਲਹਿਰਾਗਾਗਾ ਦੀਆਂ ਚੋਣਾਂ ’ਚ ਕਥਿਤ ਘਪਲੇੇਬਾਜ਼ੀ ਨੂੰ ਲੈਕੇ ਅੱਜ ਸੱਤਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰਹੀ। ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ’ਚ ਇੰਦਰ ਚੰਦ ਖੰਡੇਬੰਦੀਆਂ, ਨੰਦ ਲਾਲ ਨੰਦੂ, ਦੀਪਕ ਜੈਨ, ਕਰੋੜੀ ਰਾਮ, ਮਮਤਾ ਰਾਣੀ, ਆਸ਼ਾ ਰਾਣੀ, ਮਦਨ ਲਾਲ, ਕ੍ਰਿਸ਼ਨ ਕੁਮਾਰ, ਵਿਨੋਦ ਕੁਮਾਰ, ਰਾਜਵੀਰ ਕੁਮਾਰ ਅਤੇ ਰਾਮਸ਼ਰਨ ਸ਼ਾਮਲ ਸਨ। ਮੰਚ ਦੀ ਅਗਵਾਈ ’ਚ 9ਵੇਂ ਦਿਨ ਧਰਨਾਕਾਰੀਆਂ ਨੇ ਐੱਸਡੀਐਮ ਵੱਲੋਂ ਕੀਤੀ ਕਥਿਤ ਘਪਲੇਬਾਜ਼ੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਲਹਿਰਾ ਵਿਕਾਸ ਮੰਚ ਦੇ ਬੁਲਾਰਿਆਂ ਨੇ ਕਿਹਾ ਕਿ ਉਹ ਨਗਰ ਕੌਂਸਲ ਚੋਣਾਂ ’ਚ ਕੀਤੀ ਕਥਿਤ ਘਪਲੇਬਾਜ਼ੀ ਕਰਕੇ ਲੋਕਤੰਤਰ ਦਾ ਘਾਣ ਕਰਨ ਵਾਲਿਆਂ ਖਿਲਾਫ ਇਨਸਾਫ ਮਿਲਣ ਤੱਕ ਲਗਾਤਾਰ ਹਰ ਰੋਜ਼ ਭੁੱਖ ਹੜਤਾਲ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ 17 ਫਰਵਰੀ ਨੂੰ ਚੋਣ ਨਤੀਜਿਆਂ ’ਚ ਘਪਲੇਬਾਜ਼ੀ ਲਈ ਪ੍ਰਸ਼ਾਸਨ ਤੋਂ ਲੈਕੇ ਅਦਾਲਤਾਂ ਤੱਕ ਪਹੁੰਚ ਕਰਕੇ ਇਨਸਾਫ ਲੈਣ ਲਈ ਹਰ ਹੀਲਾ ਵਰਤਣਗੇ। ਉਨ੍ਹਾਂ ਕਿਹਾ ਕਿ 17 ਫਰਵਰੀ ਨੂੰ ਵਾਰਡ ਦੋ ਅਤੇ ਵਾਰਡ ਅੱਠ ਦੇ ਦੋ ਉਮੀਦਵਾਰਾਂ ਨੂੰ ਕਥਿਤ ਤੌਰ ’ਤੇ ਜਿਤਾਉਣ ਲਈ ਦੋਵੇਂ ਵਾਰਡਾਂ ਦੇ ਨਤੀਜੇ ਬਦਲਕੇ ਕਾਂਗਰਸ ਦੇ ਹੱਕ ’ਚ ਕਰ ਦਿੱਤੇ ਗਏ ਸਨ ਅਤੇ ਲੋਕਾਂ ਦੇ ਵਿਰੋਧ ਕਰਕੇ ਪ੍ਰਸ਼ਾਸਨ ਨੂੰ ਏਵੀਐਮ ਮਸ਼ੀਨਾਂ ਇਥੇ ਹੀ ਰੱਖਣੀਆਂ ਪਈਆਂ ਹਨ। ਲਹਿਰਾ ਵਿਕਾਸ ਮੰਚ ਨੇ ਇਨਸਾਫ ਪ੍ਰਾਪਤੀ ਤਕ ਸ਼ੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਤੇ ਨਾਅਰੇਬਾਜ਼ੀ ਕੀਤੀ।