ਕਾਂਗਰਸੀਆਂ ਨੇ ਅਕਾਲੀ ਅਤੇ ‘ਆਪ’ ਆਗੂਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ
ਰਜ਼ੀਆ ਸੁਲਤਾਨਾ ਦੇ ਸੱਤਾ ਕਾਲ ਨੂੰ ਮਾਲੇਰਕੋਟਲਾ ਦੇ ਵਿਕਾਸ ਦਾ ਸੁਨਹਿਰੀ ਦੌਰ ਦੱਸਿਆ
ਪਿਛਲੇ ਕੁੱਝ ਦਿਨਾਂ ਤੋਂ ਮਹਿਲਾ ਅਕਾਲੀ ਆਗੂ ਵੱਲੋਂ ਮਾਲੇਰਕੋਟਲਾ ਦੇ ਸਿਹਤ ਤੇ ਵਿੱਦਿਅਕ ਵਿਕਾਸ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਜਵਾਬ ਦੇਣ ਲਈ ਅੱਜ ਕੌਰਨਟ ਕੈਫੇ ਵਿੱਚ ਮਾਲੇਰਕੋਟਲਾ ਹਾਊਸ ਦੇ ਮੁੱਖ ਬੁਲਾਰੇ ਮੁਹੰਮਦ ਅਨਵਾਰ ਮਹਿਬੂਬ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦਾ ਦਸ ਵਰ੍ਹਿਆਂ ਦਾ ਸੱਤਾਕਾਲ ਹੀ ਮਾਲੇਰਕੋਟਲਾ ਦੇ ਵਿਕਾਸ ਦਾ ਸ਼ੁਨਹਿਰਾ ਦੌਰ ਹੈ। ਕਾਨਫਰੰਸ ਵਿੱਚ ਅਨਵਾਰ ਮਹਿਬੂਬ ਦੇ ਨਾਲ ਸਪੋਕਸਪਰਸਨ ਮਹਿਮੂਦ ਰਾਣਾ, ਕੌਂਸਲਰ ਫਾਰੂਕ ਅਨਸਾਰੀ, ਬਲਾਕ ਪ੍ਰਧਾਨ ਅਕਰਮ ਲਿਬੜਾ, ਮਾਸਟਰ ਮੇਲਾ ਸਿੰਘ, ਫਿਰੋਜ਼ ਖਾਨ ਰੱਖਾ, ਮੁਹੰਮਦ ਨਸੀਰ ਅਤੇ ਅਨਦ ਅਲੀ ਖਾਨ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਵੀ ਮੌਜੂਦ ਸਨ। ਮਹਿਲਾ ਅਕਾਲੀ ਆਗੂ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਨੂੰ ਗੁਮਰਾਹਕੁਨ ਦੱਸਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ, ਸਰਕਾਰੀ ਮੈਡੀਕਲ ਦੀ ਪ੍ਰਵਾਨਗੀ, ਪੰਜਾਬ ਉਰਦੂ ਅਕੈਡਮੀ ਦੀ ਸਥਾਪਨਾ, ਸਰਕਾਰੀ ਬੀ.ਐੱਡ ਕਾਲਜ, ਸਰਕਾਰੀ ਵਿਮੈੱਨ ਕਾਲਜ ਅਤੇ ਸਰਕਾਰੀ ਕੰਨਿਆਂ ਸਕੂਲ ਦੀ ਬਹੁਮੰਜ਼ਲੀ ਆਧੁਨਿਕ ਇਮਾਰਤ ਪ੍ਰਾਜੈਕਟ ਮੈਡਮ ਰਜ਼ੀਆ ਸੁਲਤਾਨਾ ਦੀ ਹੀ ਦੇਣ ਹਨ। ਕਾਂਗਰਸੀ ਰਾਜ ਭਾਗ ਦੌਰਾਨ ਹੋਏ ਵਿਕਾਸ ਪ੍ਰਾਜੈਕਟਾਂ ਦੇ ਦਸਤਾਵੇਜ਼ਾਂ ਸਮੇਤ ਮੀਡੀਆ ਸਾਹਮਣੇ ਆਏ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਮਾਲੇਰਕੋਟਲਾ ’ਚ ਸਰਕਾਰੀ ਕੰਨਿਆਂ ਸਕੂਲ ਦੀ ਬਹੁ-ਮੰਜ਼ਿਲਾ ਇਮਾਰਤ, ਜਮਾਲਪੁਰਾ ਦਾ ਸਰਕਾਰੀ ਵਿਮੈੱਨ ਕਾਲਜ, ਪੰਜਾਬ ਦੇ ਪਹਿਲੇ ਹੱਜ ਹਾਊਸ ਦੀ ਉਸਾਰੀ, ਸਰਕਾਰੀ ਕਾਲਜ ਅਤੇ ਬੀ.ਐੱਡ ਕਾਲਜ ਦੀ ਉਸਾਰੀ ਲਈ 10.5 ਕਰੋੜ ਰੁਪਏ, ਜਰਗ ਚੌਕ ਦਾ ਫਲਾਈਓਵਰ ਪੁਲ ਅਤੇ ਰੇਲਵੇ ਫਾਟਕ ਦਾ ਅੰਡਰਬ੍ਰਿਜ, ਨੌਂ ਨਵੇਂ ਟਿਊਬਵੈੱਲ ਤੇ ਤਿੰਨ ਵਾਟਰ ਵਰਕਸ ਮੈਡਮ ਰਜ਼ੀਆ ਸੁਲਤਾਨਾ ਨੇ ਹੀ ਬਣਵਾਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਜਿੱਥੇ ਸਭ ਤੋਂ ਵੱਧ 17661 ਬੁਢਾਪਾ ਤੇ ਵਿਧਵਾ ਪੈਨਸ਼ਨਾਂ ਮਲੇਰਕੋਟਲਾ ਹਲਕੇ ਅੰਦਰ ਲਾਈਆਂ ਗਈਆਂ, ਉੱਥੇ ਮਲੇਰਕੋਟਲਾ ’ਚ ਸਭ ਤੋਂ ਵੱਧ 27045 ਰਾਸ਼ਨ ਕਾਰਡ ਮਲੇਰਕੋਟਲਾ ਅੰਦਰ ਬਣਾਏ ਗਏ। ਉਨ੍ਹਾਂ ਦਾਅਵਾ ਕੀਤਾ ਕਿ ਮੈਡਮ ਰਜ਼ੀਆ ਦੀ ਨੂੰਹ ਬੀਬਾ ਜ਼ੈਨਬ ਅਖਤਰ ਦੇ ਪੰਜਾਬ ਵਕਫ ਬੋਰਡ ਦੀ ਚੇਅਰਪਰਸਨ ਅਤੇ ਧੀ ਬੀਬਾ ਨਿਸ਼ਾਤ ਅਖਤਰ ਦੇ ਮੈਂਬਰ ਹੁੰਦਿਆਂ 1975 ਤੋਂ ਬਾਅਦ ਪਹਿਲੀ ਵਾਰ ਪੰਜਾਬ ਅੰਦਰ ਬੋਰਡ ਦੀ ਪੈਨਸ਼ਨ 300 ਰੁਪਏ ਤੋਂ ਵਧਾ ਕੇ ਇੱਕ ਹਜ਼ਾਰ ਰੁਪਏ ਕੀਤੀ ਗਈ। ਸਪਲਾਈ ਪਾਈਪ ਲਾਈਨ ਪਾ ਕੇ ਮਾਲੇਰਕੋਟਲਾ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਗਈ। ਕਾਂਗਰਸੀ ਆਗੂਆਂ ਨੇ ਬਿਆਨਬਾਜ਼ੀ ਕਰ ਰਹੇ ਸਿਆਸੀ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਮਾਲੇਰਕੋਟਲਾ ਦੇ ਵਿਕਾਸ ਮੁੱਦੇ ’ਤੇ ਕਿਸੇ ਵੀ ਮੰਚ ਤੋਂ ਬਹਿਸ ਲਈ ਸਾਹਮਣੇ ਆਉਣ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਸਾਰੀਆਂ 33 ਸੀਟਾਂ ਸ਼ਾਨ ਨਾਲ ਜਿੱਤ ਕੇ ਨਗਰ ਕੌਂਸਲ ’ਤੇ ਕਬਜ਼ਾ ਕਰੇਗੀ।

