ਦਿੱਲੀ ਦੇ ਜੰਤਰ ਮੰਤਰ ’ਤੇ ਰੋਸ ਪ੍ਰਗਟਾ ਰਹੇ ਵਿਦਿਆਰਥੀਆਂ ਉੱਤੇ ਕੀਤੇ ਗਏ ਲਾਠੀਚਾਰਜ ਖ਼ਿਲਾਫ਼ ਯੂਥ ਕਾਂਗਰਸ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੁਲਜੀਤ ਸਿੰਘ ਪੰਨਵਾਂ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਵਰਿੰਦਰ ਪੰਨਵਾਂ, ਕੁਲਜੀਤ ਸਿੰਘ ਪੰਨਵਾਂ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੁਲਜੀਤ ਸਿੰਘ ਪੰਨਵਾਂ ਅਤੇ ਯੂਥ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਪੰਨਵਾਂ ਨੇ ਦੋਸ਼ ਲਾਇਆ ਕਿ ਮਸਲਾ ਹੱਲ ਕਰਨ ਦੀ ਥਾਂ ਕੇਂਦਰ ਸਰਕਾਰ ਦੇ ਇਸ਼ਾਰਿਆਂ ਵਿਦਿਆਰਥੀਆਂ ਦਾ ਅੰਨ੍ਹੇਵਾਹ ਕੁਟਾਪਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਸੰਸਦ ਮੈਂਬਰਾਂ ਨੂੰ ਵੀ ਪੁਲੀਸ ਵੱਲੋਂ ਗ੍ਰਿਫ਼ਤਾਰੀ ਕਰਨ ਦੀ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਨੌਜਵਾਨ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਦੀ ਅਗਵਾਈ ਹੇਠ ਦਿੱਲੀ ਵਿੱਚ ਚੱਲ ਰਹੇ ਪ੍ਰਦਰਸ਼ਨ ਵਿੱਚ ਵੀ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਅਨੇਕਾਂ ਸੰਸਦ ਮੈਂਬਰਾਂ ਨੂੰ ਵੀ ਪੁਲੀਸ ਵੱਲੋਂ ਗ੍ਰਿਫ਼ਤਾਰੀ ਕਰਨ ਦੀ ਘਿਣਾਉਣੀ ਕਾਰਵਾਈ ਕੀਤੀ ਗਈ। ਇਸ ਮੌਕੇ ਗੁਰਦੀਪ ਸਿੰਘ ਫੱਗੂਵਾਲਾ, ਸੁਖਵਿੰਦਰ ਸਿੰਘ ਆਲੋਅਰਖ, ਅਮਰ ਸਿੰਘ ਫ਼ਤਹਿਗੜ੍ਹ, ਨਿਰਭੈ ਸਿੰਘ ਦਿਆਲਗੜ੍ਹ, ਗੁਰਦੀਪ ਸਿੰਘ ਦਿੱਤੂਪੁਰ, ਰਾਧੇ ਸ਼ਿਆਮ ਨਦਾਮਪੁਰ ਅਤੇ ਸਤਨਾਮ ਸਿੰਘ ਬਾਸੀਅਰਖ ਹਾਜ਼ਰ ਸਨ।
ਸਰਕਾਰਾਂ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀਆਂ: ਨਿਸ਼ਾਤ ਅਖਤਰ
ਮਾਲੇਰਕੋਟਲਾ (ਪੱਤਰ ਪ੍ਰੇਰਕ): ਦਿੱਲੀ ਸਮੇਤ ਪਟਿਆਲਾ, ਖੰਨਾ ਤੇ ਬਰਨਾਲਾ ਵਿੱਚ ਪ੍ਰਦਰਸ਼ਨਕਾਰੀਆਂ ਉਪਰ ਕੀਤੇ ਪੁਲੀਸ ਤਸ਼ੱਦਦ ਖਿਲਾਫ਼ ਜ਼ਿਲ੍ਹੇ ਭਰ ਤੋਂ ਇਕੱਠੇ ਹੋਏ ਕਾਂਗਰਸੀਆਂ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਡੀ ਸੀ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਜ਼ਿਲ੍ਹਾ ਕਾਂਗਰਸ ਪ੍ਰਧਾਨ ਨਿਸ਼ਾਤ ਅਖਤਰ ਨੇ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ ’ਚ ਸ਼ਾਂਤਮਈ ਪ੍ਰਦਰਸ਼ਨ ਕਰ ਕੇ ਨੀਟ ਵਿੱਚ ਧਾਂਦਲੀ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਮੰਗਦੇ ਨੌਜਵਾਨਾਂ ’ਤੇ ਭਾਜਪਾ ਸਰਕਾਰ ਵੱਲੋਂ ਕੀਤਾ ਤਸ਼ੱਦਦ ਲੋਕਤੰਤਰ ਦੇ ਮੱਥੇ ’ਤੇ ਕਲੰਕ ਹੈ। ਪੰਜਾਬ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪਟਿਆਲਾ, ਖੰਨਾ ਅਤੇ ਬਰਨਾਲਾ ’ਚ ਹੱਕ ਮੰਗਦੇ ਲੋਕਾਂ ’ਤੇ ਪੁਲੀਸ ਰਾਹੀਂ ਤਸ਼ੱਦਦ ਕਰਵਾ ਰਹੀ ਹੈ। ਧਰਨਾਕਾਰੀਆਂ ਨੂੰ ਸੰਬੋਧਨ ਕਰਨ ਵਾਲੇ ਕਾਂਗਰਸੀ ਆਗੂਆਂ ਵਿੱਚ ਕਮਲ ਧਾਲੀਵਾਲ, ਅਮਨਦੀਪ ਕੌਰ ਖੰਗੂੜਾ, ਮੁਹੰਮਦ ਅਨਵਾਰ ਮਹਿਬੂਬ, ਜ਼ਿਲ੍ਹਾ ਪਰਿਸ਼ਦ ਮੈਂਬਰ ਮਨਿੰਦਰ ਸਿੰਘ ਚਹਿਲ, ਰੂਬਲ ਨਾਰੀਕੇ, ਕਾ ਸੁਲੇਮਾਨ ਜੋਸ਼, ਬਲਾਕ ਪ੍ਰਧਾਨ ਮੁਹੰਮਦ ਜਾਵੇਦ, ਸਰਪੰਚ ਜਸਵਿੰਦਰ ਸਿੰਘ ਕੁਠਾਲਾ ਅਤੇ ਨਿਰਮਲ ਸਿੰਘ ਧਲੇਰ ਸ਼ਾਮਲ ਸਨ।
ਵਿਦਿਆਰਥੀਆਂ ਵੱਲੋਂ ਮਸ਼ਾਲ ਮਾਰਚ
ਪਟਿਆਲਾ (ਖੇਤਰੀ ਪ੍ਰਤੀਨਿਧ): ਨੀਟ ਮਾਮਲੇ ਸਬੰਧੀ ਦਿੱਲੀ ’ਚ ਜਾਰੀ ਸੰਘਰਸ਼ ਦੀ ਹਮਾਇਤ ਕਰਦਿਆਂ ਦੇਰ ਸ਼ਾਮ ਪਟਿਆਲਾ ’ਚ ਵੀ ਵਿਦਿਆਰਥੀਆਂ ਨੇ ਮਸ਼ਾਲ ਮਾਰਚ ਕੀਤਾ ਗਿਆ। ਇੱਥੇ ਮਹਿੰਦਰਾ ਕਾਲਜ ਦੇ ਨਜ਼ਦੀਕ ਇਕੱਤਰ ਹੋਏ ਇਨ੍ਹਾਂ ਵਿਦਿਆਰਥੀਆਂ ਵਿੱਚ ਨਾ ਸਿਰਫ਼ ਕਾਲਜਾਂ ਬਲਕਿ ਸਕੂਲਾਂ ਦੇ ਵਿਦਿਆਰਥੀ ਵੀ ਸ਼ਾਮਲ ਹੋਏ।ਮੋਦੀ ਕਾਲਜ ਪਟਿਆਲਾ ਦੀ ਵਿਦਿਆਰਥਣ ਮਾਨਸਾ ਪਸਰੀਚਾ ਸਮੇਤ ਕਈ ਹੋਰਨਾਂ ਨੇ ਵੀ ਦੇਸ਼ ਦੀ ਹਕੂਮਤ ਦੇ ਰਵੱਈਏ ਦੀ ਆਲੋਚਨਾ ਕੀਤੀ। ਇਸ ਮੌਕੇ ਮਹਿੰਦਰਾ ਕਾਲਜ ਨੇੜੇ ਰਾਘੋਮਾਜਰਾ ਚੌਕ ਤੱਕ ਮੋਮਬੱਤੀ ਮਾਰਚ ਕੀਤਾ ਗਿਆ ਜਿਸ ਦੌਰਾਨ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ।

