ਹੜਤਾਲ ਦੀ ਕਾਂਗਰਸ ਵੱਲੋਂ ਹਮਾਇਤ
ਸਫ਼ਾੲੀ ਕਾਮਿਆਂ ਵੱਲੋਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ; ਸਫ਼ਾਈ ਸੇਵਕਾਂ ਦੇ ਨਾਲ ਖਡ਼੍ਹੇ ਹਾਂ: ਸਿੰਗਲਾ
ਸਫ਼ਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਸਫ਼ਾਈ ਸੇਵਕਾਂ ਅਤੇ ਮਿਉਂਸਿਪਲ ਮੁਲਾਜ਼ਮਾਂ ਵਲੋਂ ਅਣਮਿਥੇ ਸਮੇਂ ਦੀ ਕੰਮ ਛੱਡੋ ਹੜਤਾਲ ਦੇ 10ਵੇਂ ਦਿਨ ਵੀ ਨਗਰ ਕੌਂਸਲ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਰੋਸ ਧਰਨੇ ’ਚ ਸ਼ਾਮਲ ਹੋ ਕੇ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸਫ਼ਾਈ ਸੇਵਕ ਸਮਾਜ ਦਾ ਉਹ ਅਹਿਮ ਹਿੱਸਾ ਹਨ ਜੋ ਸਭ ਤੋਂ ਮੁਸ਼ਕਲ ਅਤੇ ਜੋਖਿਮ ਭਰਿਆ ਕੰਮ ਕਰਦੇ ਹਨ, ਪਰ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਅੱਜ ਆਜ਼ਾਦ ਭਾਰਤ ਵਿੱਚ ਵੀ ਉਨ੍ਹਾਂ ਨੂੰ ਆਪਣੇ ਮੁੱਢਲੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਦੇ ਵਿਸ਼ੇਸ਼ ਯਤਨਾਂ ਸਦਕਾ ਹੀ ਸੰਗਰੂਰ ਵਿੱਚ 29 ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਆਰਡਰ ਪਾਸ ਹੋਇਆ ਸੀ, ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਜਾਰੀ ਹੋਏ ਆਰਡਰ ਨੂੰ ਲਾਗੂ ਕਰਨ ਅਤੇ ਕਰਮਚਾਰੀਆਂ ਦੀਆਂ ਸਰਵਿਸ ਬੁੱਕਾਂ ਤਿਆਰ ਕਰਵਾਉਣ ਵਿੱਚ ਵੀ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਕਾਂਗਰਸ ਪਾਰਟੀ ਇਸ ਸੰਘਰਸ਼ ਵਿੱਚ ਪੂਰੀ ਤਰ੍ਹਾਂ ਸਫ਼ਾਈ ਸੇਵਕਾਂ ਦੇ ਨਾਲ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ।
ਉਧਰ ਕੰਮ ਛੱਡੋ ਹੜਤਾਲ ਕਾਰਨ ਸ਼ਹਿਰ ਦੇ ਸਫ਼ਾਈ ਪ੍ਰਬੰਧ ਮੁਕੰਮਲ ਤੌਰ ’ਤੇ ਠੱਪ ਹੋਣ ਕਾਰਨ ਸ਼ਹਿਰ ’ਚ ਕਈ ਥਾਈਂ ਕੂੜੇ ਦੇ ਢੇਰ ਲੱਗ ਲੱਗ ਗਏ ਹਨ ਤੇ ਬੁਦਬੂ ਫੈਲ ਰਹੀ ਹੈ।

