ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਵੱਲੋਂ 2027 ਵਿੱਚ ਆਪਣੀ ਸਰਕਾਰ ਬਣਾਉਣੀ ਹੈ ਤਾਂ ਕਾਂਗਰਸ ਦੀ ਲੀਡਰਸ਼ਿਪ ਨੂੰ ਇਕੱਠੇ ਰਹਿਣਾ ਪਵੇਗਾ, ਕਾਂਗਰਸ ਦੀ ਫੁੱਟ ਇਕ ਵਾਰ ਪੰਜਾਬ ਵਿੱਚ ਆਪਣੀ ਸਰਕਾਰ ਬਣਦੀ-ਬਣਦੀ ਗੁਆ ਚੁੱਕੀ ਹੈ, ਜੇਕਰ ਇਸ ਵਾਰ ਵੀ ਪੰਜਾਬ ਕਾਂਗਰਸ ਨੇ ਇੱਕਜੁੱਟਤਾ ਵਿੱਚ ਥੋੜ੍ਹੀ ਜਿਹੀ ਵੀ ਢਿੱਲ ਛੱਡੀ ਤਾਂ ਪੰਜਾਬ ਕਾਂਗਰਸ ਲਈ ਔਖਾ ਹੋ ਸਕਦਾ ਹੈ। ਬੀਬੀ ਰਾਜਿੰਦਰ ਕੌਰ ਭੱਠਲ ਇੱਥੇ ਸਾਬਕਾ ਮੰਤਰੀ ਲਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਲਾਲ ਸਿੰਘ ਨੇ ਕਦੇ ਵੀ ਵਿਵਾਦਮਈ ਰਾਜਨੀਤੀ ਨਹੀਂ ਕੀਤੀ, ਸਗੋਂ ਉਨ੍ਹਾਂ ਹਮੇਸ਼ਾ ਪੰਜਾਬ ਦੇ ਭਲੇ ਲਈ ਕਾਂਗਰਸ ਦੀ ਵਫ਼ਾਦਾਰੀ ਨਿਭਾਈ।
ਬੀਬੀ ਭੱਠਲ ਨੇ ਕਿਹਾ ਕਿ ਲਾਲ ਸਿੰਘ ਵਰਗੇ ਲੀਡਰਾਂ ਦੀ ਸੋਚ ਦੀ ਅੱਜ ਵੀ ਸਾਡੀ ਲੀਡਰਸ਼ਿਪ ਨੂੰ ਲੋੜ ਹੈ, ਉਨ੍ਹਾਂ ਕਦੇ ਵੀ ਕਾਂਗਰਸ ਵਿਰੁੱਧ ਜਾਂ ਫਿਰ ਕਾਂਗਰਸ ਦੀ ਹਾਈਕਮਾਂਡ ਵਿਰੁੱਧ ਇਕ ਵਾਰ ਵੀ ਕੋਈ ਗੱਲ ਨਹੀਂ ਆਖੀ, ਸਗੋਂ ਅਜਿਹਾ ਸਮਾਂ ਆ ਗਿਆ ਸੀ ਕਿ ਪੰਜਾਬ ਦੀ ਰਾਜਨੀਤੀ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਲਈ ਹਾਈਕਮਾਂਡ ਵੀ ਲਾਲ ਸਿੰਘ ਤੋਂ ਸਲਾਹ ਮਸ਼ਵਰਾ ਕਰ ਲੈਂਦੀ ਸੀ। ਅਜਿਹੇ ਲੀਡਰਾਂ ਦੀ ਸੋਚ ਕਾਂਗਰਸ ਨੂੰ ਅਪਣਾਉਣੀ ਚਾਹੀਦੀ ਹੈ। ਇਸ ਮੌਕੇ ਕੇਵਲ ਢਿੱਲੋਂ, ਪ੍ਰਗਟ ਸਿੰਘ, ਨਿਸ਼ਾਨ ਕੰਬੋਜ, ਹਰਮੇਲ ਮਕੌਰੜ, ਦਮੋਦਰ ਸਿੰਘ, ਸ਼ਮਸ਼ੇਰ ਗੋਪਾਲ ਸਵੀਟ, ਵਿਸ਼ਨੂੰ ਸ਼ਰਮਾ, ਗੁਰਸ਼ਰਨ ਕੌਰ ਰੰਧਾਵਾ, ਜਸਵਿੰਦਰ ਸਿੰਘ ਰੰਧਾਵਾ, ਕਾਹਨ ਸਿੰਘ ਮਜਾਲ ਕਲਾਂ, ਦਰਸ਼ਨ ਸਿੰਘ ਸਿੱਧੂ, ਕੁਲਵਿੰਦਰ ਸਿੰਘ ਨਾਭਾ, ਰਾਜ ਕੁਮਾਰ ਡਕਾਲਾ ਆਦਿ ਵੀ ਹਾਜ਼ਰ ਸਨ।

