ਕਾਂਗਰਸ ਆਗੂ ਨੇ ਪਾਣੀ ਦੇ ਮੁੱਦੇ ’ਤੇ ‘ਆਪ’ ਨੂੰ ਘੇਰਿਆ
ਪੱਤਰ ਪ੍ਰੇਰਕ
ਲਹਿਰਾਗਾਗਾ, 14 ਜੂਨ
ਕਾਂਗਰਸ ਪਾਰਟੀ ਦੇ ਪੀਪੀਸੀਸੀ ਮੈਂਬਰ ਦੁਰਲੱਭ ਸਿੰਘ ਬੱਬੀ ਸਿੱਧੂ ਨੇ ‘ਆਪ’ ਸਰਕਾਰ ਨੂੰ ਪਾਣੀ ਦੇ ਮੁੱਦੇ ’ਤੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹੀ ਸਰਕਾਰ ਤੇ ਪ੍ਰਬੰਧਨ ਹੈ ਜਿੱਥੇ ਇੱਕ ਪਿੰਡ 75 ਸਾਲ ਬਾਅਦ ਵੀ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਤੋਂ ਵਾਂਝਾ ਹੈ ਪਰ ਸਰਕਾਰ ਕੋਲ ਇਸ ਦੇ ਹੱਲ ਲਈ ਕੋਈ ਯੋਜਨਾ ਹੀ ਨਹੀਂ ਹੈ। ਦੁਰਲੱਭ ਸਿੱਧੂ ਨੇ ਕਿਹਾ ਕਿ ਕੀ ਪੰਜਾਬ ਸਰਕਾਰ ਦੀ ਤਰਜੀਹ ਲੋਕਾਂ ਦੀ ਸਿਹਤ ਅਤੇ ਜੀਵਨ ਗੁਣਵੱਤਾ ਹੈ ਜਾਂ ਕੁਝ ਹੋਰ। ਉਨ੍ਹਾਂ ਮੰਗ ਕੀਤੀ ਕਿ ਪਿੰਡ ਭੂਲਣ ਲਈ ਤੁਰੰਤ ਕੈਨਾਲ ਆਧਾਰਿਤ ਪੀਣਯੋਗ ਪਾਣੀ ਸਕੀਮ ਮਨਜ਼ੂਰ ਕੀਤੀ ਜਾਵੇ ਅਤੇ ਸਾਰੇ ਘਰਾਂ ਤੱਕ ਪਾਣੀ ਪਹੁੰਚਾਉਣ ਲਈ ਫਿਲਟਰੇਸ਼ਨ ਯੂਨਿਟ, ਸਟੋਰੇਜ ਟੈਂਕ ਅਤੇ ਪਾਈਪਲਾਈਨ ਲਾਈ ਜਾਵੇ।
ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਇਆ ਜਾਵੇ, ਤਾਂ ਜੋ ਇਹ ਇਲਾਕਾ ਮੁੜ ਪਾਣੀ ਤੋਂ ਵਾਂਝਾ ਨਾ ਰਹਿ ਜਾਵੇ।
ਉਨ੍ਹਾਂ ਕਿਹਾ ਕਿ ਪਿੰਡ ਭੂਲਣ ਨੂੰ ਪਾਣੀ ਐਕਸ਼ਨ ਪਲਾਨ ਵਿੱਚ ਸ਼ਾਮਿਲ ਕਰਕੇ ਤੁਰੰਤ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਦਾ ਨਿਰੀਖਣ ਕਰਨ। ਦੁਰਲੱਭ ਸਿੱਧੂ ਨੇ ਚਿਤਾਵਨੀ ਦਿੱਤੀ ਕਿ ਇਸ ਤੋਂ ਪਹਿਲਾਂ ਲੋਕ ਚੁੱਪ ਰਹੇ ਹਨ ਤੇ ਉਨ੍ਹਾਂ ਨੇ ਸਬਰ ਤੇ ਇੰਤਜ਼ਾਰ ਕੀਤਾ ਪਰ ਹੁਣ ਚੁੱਪ ਨਹੀਂ ਰਹਿਣਗੇ।