ਕਾਂਗਰਸ ਵੱਲੋਂ ਮਾਲੇਰਕੋਟਲਾ ਵਿੱਚ ‘ਵਿਕਟਰੀ ਮਾਰਚ’
ਦਿੱਲੀ ’ਚ ਵਿਦਿਆਰਥੀਆਂ ਵੱਲੋਂ ਕੀਤਾ ਸੰਘਰਸ਼ ਲਾਮਿਸਾਲ ਕਰਾਰ; ਪੰਜਾਬ ਦੇ ਪੇਪਰ ਲੀਕ ਮਾਮਲਿਆਂ ’ਤੇ ਸਰਕਾਰ ਨੂੰ ਸੁਆਲ
‘ਨੀਟ’ ਅਤੇ ਹੋਰ ਇਮਤਿਹਾਨਾਂ ’ਚ ਹੋਈਆਂ ਧਾਂਦਲੀਆਂ ਵਿਰੁੱਧ ਜੰਤਰ ਮੰਤਰ ਦਿੱਲੀ ਸਮੇਤ ਦੇਸ਼ ਭਰ ਵਿੱਚ ਵਿਦਿਆਰਥੀਆਂ ਦੇ ਲਾਮਿਸਾਲ ਸੰਘਰਸ਼ ਮਗਰੋਂ ਕੇਂਦਰੀ ਸਿੱਖਿਆ ਮੰਤਰੀ ਦੇ ਆਏ ਅਸਤੀਫੇ ਤੋਂ ਉਤਸ਼ਾਹਿਤ ਹੋ ਕੇ ਜ਼ਿਲ੍ਹਾ ਮਾਲੇਰਕੋਟਲਾ ਦੇ ਕਾਂਗਰਸੀਆਂ ਵੱਲੋਂ ਅੱਜ ਪ੍ਰਧਾਨ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਵਿਸ਼ਾਲ ‘ਵਿਕਟਰੀ ਮਾਰਚ’ ਕੱਢਿਆ ਗਿਆ। ਸਥਾਨਕ ਰਵਿਦਾਸ ਨਗਰ ਸਥਿਤ ਛੋਟੀ ਈਦਗਾਹ ਤੋਂ ਸ਼ੁਰੂ ਹੋਇਆ ਇਹ ‘ਵਿਕਟਰੀ ਮਾਰਚ’ ਸੇਰਵਾਨੀ ਗੇਟ ਜਾ ਕੇ ਸਮਾਪਤ ਹੋਇਆ। ਛੋਟੀ ਈਦਗਾਹ ਸਾਹਮਣੇ ਜ਼ਿਲ੍ਹੇ ਭਰ ਤੋਂ ਜੁੜੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਹੋਏ ਖਿਲਵਾੜ ਦੇ ਵੱਡੇ ਗੁਨਾਹ ਲਈ ਇਕੱਲੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਹੀ ਕਾਫੀ ਨਹੀਂ ਹੈ ਸਗੋਂ ਪੰਜਾਬ ਵਿਚ ਫਾਰਮੇਸੀ ਅਫਸਰਾਂ ਦੀ ਭਰਤੀ ਪ੍ਰੀਖਿਆ ਸਮੇਤ ਵੱਖ-ਵੱਖ ਇਮਤਿਹਾਨਾਂ ਵਿਚ ਹੋਈਆਂ ਧਾਂਦਲੀਆਂ ਲਈ ਜ਼ਿੰਮੇਵਾਰ ਮੰਤਰੀਆਂ ਨੂੰ ਵੀ ਤੁਰੰਤ ਅਸਤੀਫੇ ਦੇਣੇ ਚਾਹੀਦੇ ਹਨ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਵਿਚ ਨੌਜਵਾਨਾਂ ਉੱਪਰ ਹੋਏ ਪੁਲੀਸ ਤਸ਼ੱਦਦ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਆਮ ਲੋਕਾਂ ਦੇ ਅੱਖਾਂ ਵਿਚ ਘੱਟਾ ਪਾਉਣ ਵਾਲੇ ਬਿਆਨ ਦੱਸਦਿਆਂ ਬੀਬਾ ਨਿਸ਼ਾਤ ਨੇ ਕਿਹਾ ਕਿ ਪਟਿਆਲਾ, ਖੰਨਾ, ਬਰਨਾਲਾ ਵਿਚ ਹੱਕ ਮੰਗਦੇ ਲੋਕਾਂ ਉਪਰ ਢਾਹੇ ਗਏ ਜ਼ੁਲਮਾਂ ਬਾਰੇ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਜ਼ੁਬਾਨ ਖੋਲ੍ਹਣ ਲਈ ਤਿਆਰ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰੀਖਿਆਵਾਂ ਵਿੱਚ ਹੋਏ ਪੇਪਰ ਲੀਕ, ਧਾਂਧਲੀ ਅਤੇ ਬੇਨਿਯਮੀਆਂ ਦੀ ਉੱਚ-ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਸਿੱਖਿਆ ਪ੍ਰਣਾਲੀ ਵਿਚ ਪਾਰਦਰਸ਼ਤਾ ਲਈ ਸੰਘਰਸ਼ ਕਰਦੇ ਜਾਨਾਂ ਗੁਆਉਣ ਵਾਲੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਦੀ ਕੁਰਬਾਨੀ ਅਤੇ ਰਾਹੁਲ ਗਾਂਧੀ ਵੱਲੋਂ ਉਠਾਈ ਆਵਾਜ਼ ਸਦਕਾ ਅੱਜ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣੇ ਮੰਤਰੀ ਤੋਂ ਅਸਤੀਫ਼ਾ ਲੈਣਾ ਪਿਆ ਜੋ ਸੰਘਰਸ਼, ਲੋਕਤੰਤਰ ਅਤੇ ਸੰਵਿਧਾਨ ਦੀ ਜਿੱਤ ਦਾ ਪ੍ਰਤੀਕ ਹੈ। ਵਿਕਟਰੀ ਮਾਰਚ ਵਿੱਚ ਬੀਬਾ ਨਿਸ਼ਾਤ ਦੇ ਨਾਲ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ, ਗੁਰਜੋਤ ਸਿੰਘ ਢੀਂਡਸਾ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਜ਼ਿਲ੍ਹਾ ਪਰਿਸ਼ਦ ਮੈਂਬਰ ਮਨਿੰਦਰ ਸਿੰਘ ਚਹਿਲ, ਸੁਭਾਸ਼ ਚੰਦਰ ਸਿੰਗਲਾ, ਸਰਪੰਚ ਜਸਵਿੰਦਰ ਸਿੰਘ ਕੁਠਾਲਾ, ਸੁੱਖਾ ਦਸੌਂਧਾ ਸਿੰਘ ਵਾਲਾ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਚੀਮਾ ਅਤੇ ਗੁਰਮੀਤ ਸਿੰਘ ਲਸੋਈ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਸ਼ਾਮਲ ਸਨ।
ਕਈ ਜਥੇਬੰਦੀਆਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ਼
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਅੱਜ ਸ਼ਹੀਦ ਭਗਤ ਸਿੰਘ ਚੌਕ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ਉਤੇ ਲਾਠੀਚਾਰਜ ਕਰਨ ਅਤੇ ਨੀਟ ਪੇਪਰ ਲੀਕ ਹੋਣ ਦੇ ਰੋਸ ਵਜੋਂ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਚੇਤਨਾ ਮੰਚ ਭਵਾਨੀਗੜ੍ਹ ਦੇ ਪ੍ਰਧਾਨ ਬਲਕਾਰ ਸਿੰਘ, ਗੁਰਤੇਜ ਸਿੰਘ ਕਾਦਰਾਬਾਦ, ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਸੁਖਦੇਵ ਸਿੰਘ ਭਵਾਨੀਗੜ੍ਹ, ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਚਰਨ ਸਿੰਘ ਚੋਪੜਾ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਗਮੇਲ ਸਿੰਘ, ਰਾਮ ਸਰੂਪ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪ੍ਰਧਾਨ ਰਘਵੀਰ ਸਿੰਘ ਅਤੇ ਗਿਆਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੰਤਰ ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ਦੇ ਸ਼ਾਂਤਮਈ ਧਰਨੇ ਉੱਤੇ ਬੇਤਹਾਸ਼ਾ ਲਾਠੀਚਾਰਜ ਅਤੇ ਅੱਥਰੂ ਗੈਸ ਛੱਡ ਕੇ ਸੈਂਕੜੇ ਨੌਜਵਾਨਾਂ ਨੂੰ ਜ਼ਖ਼ਮੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਬਰ ਦੇ ਬਾਵਜੂਦ ਵਿਦਿਆਰਥੀਆਂ ਦੇ ਦ੍ਰਿੜ੍ਹ ਸੰਘਰਸ਼ ਕਾਰਣ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ ਹੈ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬਰਨਾਲਾ ਵਿਖੇ ਨਗਰ ਕੌਂਸਲ ਦੇ ਕਾਮਿਆਂ ਖਾਸ ਕਰਕੇ ਔਰਤਾਂ ਉੱਤੇ ਕੀਤੇ ਲਾਠੀਚਾਰਜ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ।

