ਮੁਕੰਦ ਸਿੰਘ ਚੀਮਾ
ਸੰਦੌੜ, 23 ਅਗਸਤ
ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਨੇ ਪਿੰਡ ਸੰਦੌੜ ਵਿੱਚ ਬਿਹਤਰ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਰੀਬ 42 ਲੱਖ 30 ਹਜ਼ਾਰ ਦੀ ਲਾਗਤ ਨਾਲ ਪੁਰਾਣੇ ਬਿਜਲੀ ਦੇ ਖੰਭਿਆਂ, ਤਾਰਾਂ ਨੂੰ ਬਦਲਣ ਅਤੇ ਨਵੇਂ ਚਾਰ ਟਰਾਂਸਫ਼ਾਰਮਰ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਹੋ ਚੁੱਕੇ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਕਾਰਨ ਹੋਣ ਵਾਲਾ ਨੁਕਸਾਨ ਤੋਂ ਬਚਾਅ ਲਈ ਇਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ। ਇਨ੍ਹਾਂ ਦੇ ਬਦਲਣ ਨਾਲ ਜਿੱਥੇ ਨੁਕਸਾਨ ਦਾ ਖ਼ਦਸ਼ਾ ਘਟੇਗਾ ਉੱਥੇ ਬਿਜਲੀ ਦੇ ਬੇਲੋੜੇ ਟਰਾਂਸਮਿਸ਼ਨ ਦੇ ਨੁਕਸਾਨ ਨੂੰ ਘਟਾਇਆ ਜਾ ਸਕੇਗਾ। ਵਿਧਾਇਕ ਡਾ. ਜ਼ਮੀਲ ਉਰ ਰਹਿਮਾਨ ਨੇ ਕਿਹਾ ਪਿੰਡ ਵਾਸੀਆਂ ਦੀ ਮੰਗ ’ਤੇ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਹਿਲ ਦੇ ਆਧਾਰ ’ਤੇ ਇਸ ਕੰਮ ਨੂੰ ਆਰੰਭਿਆ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਬਿਜਲੀ ਦੀ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਆਮ ਲੋਕਾਂ ਦੀਆਂ ਜਾਇਜ਼ਾ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀ ਕਰਨ ਲਈ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਐਕਸੀਅਨ ਇੰਜ. ਹਰਵਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ ਬਿਜਲੀ ਵਾਲੇ ਪੋਲ ਅਤੇ ਤਾਰਾਂ ਦੀ ਹਾਲਤ ਕਾਫ਼ੀ ਖ਼ਰਾਬ ਹੋ ਗਈ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੰਮ ਨੂੰ ਸਮੇਂ ਸੀਮਾ ਤਹਿਤ ਨੇਪਰੇ ਚਾੜ੍ਹਨ ਲਈ ਉਨ੍ਹਾਂ ਸਹਿਯੋਗ ਦੇਣ। ਇਸ ਮੌਕੇ ਜਗਤਾਰ ਸਿੰਘ ਜੱਸਲ, ਸ੍ਰੀ ਗੁਰਮੁਖ ਸਿੰਘ ਖ਼ਾਨਪੁਰ, ਪ੍ਰਧਾਨ ਸੰਤੋਖ ਸਿੰਘ, ਐੱਸਡੀਓ ਇੰਜ. ਵਿਰਦੀ ਸਿੰਘ, ਜੇ ਈ ਇੰਜ. ਅਵਤਾਰ ਸਿੰਘ, ਨੰਬਰਦਾਰ ਸੰਦੀਪ ਸਿੰਘ, ਗੱਗੀ ਸੰਦੌੜ ਆਦਿ ਮੌਜੂਦ ਸਨ।