ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਸਤੰਬਰ
ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ ਰਹੀ। ਭੁੱਖ ਹੜਤਾਲੀ ਕੈਂਪ ਵਿੱਚ ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਸਫ਼ਾਈ ਸੇਵਕ ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ 5 ਸਤੰਬਰ ਤੋਂ ਸਫ਼ਾਈ ਸੇਵਕ ਸਮੁੱਚਾ ਕੰਮਕਾਜ ਠੱਪ ਕਰਕੇ ਮੁਕੰਮਲ ਹੜਤਾਲ ’ਤੇ ਚਲੇ ਜਾਣਗੇ ਜਿਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਅੱਜ ਛੇਵੇਂ ਦਿਨ ਰਾਜੂ ਰਾਮ ਚੀਮਾ, ਨਿਰਮਲ ਸਿੰਘ ਲੋਂਗੋਵਾਲ, ਜਗਸੀਰ ਸਿੰਘ ਸੰਗਰੂਰ, ਲਾਡੀ ਦਿੜਬਾ, ਸੱਤਪਾਲ ਲਹਿਰਾਗਾਗਾ, ਜਸਬਿੰਦਰ ਸਿੰਘ ਮੂਣਕ, ਰਾਜੇਸ਼ ਚੰਜੋਟਰ ਜਰਨਲ ਸਕੱਤਰ ਸੰਗਰੂਰ, ਹਰਦੀਪ ਸਿੰਘ ਪ੍ਰੈਸ ਸਕੱਤਰ ਲੋਂਗੋਵਾਲ, ਵਿਜੈ ਕੁਮਾਰ ਮੈਟ, ਕ੍ਰਿਸ਼ਨਾ ਦੇਵੀ, ਵਿਨੋਦ ਕੁਮਾਰ ਪ੍ਰਧਾਨ ਚੀਮਾ ਤੇ ਪੁਸ਼ਪਾ ਦੇਵੀ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ, ਸੰਗਰੂਰ ਇਕਾਈ ਦੇ ਪ੍ਰਧਾਨ ਅਜੇ ਕੁਮਾਰ ਅਤੇ ਮੂਨਕ ਇਕਾਈ ਦੇ ਪ੍ਰਧਾਨ ਮਾਇਬਖਸ਼ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀ ਭੁੱਖ ਹੜਤਾਲ ਨੂੰ ਛੇ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਸਫ਼ਾਈ ਸੇਵਕਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਫ਼ਾਈ ਸੇਵਕਾਂ ਦੇ ਧਰਨਿਆਂ ਵਿੱਚ ਆ ਕੇ ਮੌਜੂਦਾ ਆਮ ਆਦਮੀ ਪਾਰਟੀ ਦੇ ਆਗੂ (ਹੁਣ ਮੁੱਖ ਮੰਤਰੀ, ਕੈਬਨਿਟ ਮੰਤਰੀ ਅਤੇ ਵਿਧਾਇਕ) ਭਾਸ਼ਨ ਦਿੰਦੇ ਸਨ ‘ਸਫ਼ਾਈ ਸੇਵਕਾਂ ਨੂੰ ਸਰਕਾਰਾਂ ਗੁਲਾਮ ਬਣਾ ਕੇ ਰੱਖਦੀਆਂ ਹਨ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਓਗੇ ਤਾਂ ਇੱਕ ਦਿਨ ਵੀ ਧਰਨਾ ਨਹੀਂ ਲੱਗਣ ਦਿਆਂਗੇ।’ ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਨਾਲ ਕਿਸੇ ਨੇ ਆ ਕੇ ਗੱਲਬਾਤ ਨਹੀਂ ਕੀਤੀ।