ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੂਨ
ਸੁਨਾਮ ਊਧਮ ਸਿੰਘ ਵਾਲਾ ਦੇ ਟਿੱਬੀ ਰਵਿਦਾਸਪੁਰਾ ‘ਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਵਕਫ਼ ਬੋਰਡ ਦੇ ਅਧਿਕਾਰੀ ਪੁਲੀਸ ਫੋਰਸ ਸਮੇਤ ਉਥੇ ਹੋ ਰਹੀ ਨਾਜਾਇਜ਼ ਉਸਾਰੀ ਰੋਕਣ ਲਈ ਪੁੱਜੇ। ਇਸ ਮੌਕੇ ਇਕੱਠੇ ਹੋਏ ਲੋਕਾਂ ਅਤੇ ਪੁਲੀਸ ਵਿਚਕਾਰ ਹੱਥੋਪਾਈ ਹੋ ਗਈ। ਪੁਲੀਸ ਵੱਲੋਂ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਕਫ਼ ਬੋਰਡ ਦੇ ਅਧਿਕਾਰੀ ਬਹਾਰ ਅਹਿਮਦ ਨੇ ਦੱਸਿਆ ਕਿ ਟਿੱਬੀ ਰਵਿਦਾਸਪੁਰਾ ਵਿੱਚ ਵਕਫ਼ ਬੋਰਡ ਦੀ ਜ਼ਮੀਨ ਉਪਰ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ, ਜਦੋਂ ਉਹ ਪੁਲੀਸ ਪਾਰਟੀ ਸਣੇ ਨਾਜਾਇਜ਼ ਉਸਾਰੀ ਨੂੰ ਰੁਕਵਾਉਣ ਲਈ ਮੌਕੇ ‘ਤੇ ਪੁੱਜੇ ਤਾਂ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਐੱਸਐੱਚਓ ਦੀਪਇੰਦਰ ਪਾਲ ਸਿੰਘ ਜੇਜੀ ਦੀ ਵਰਦੀ ਫਾੜ ਦਿੱਤੀ ਅਤੇ ਪੁਲੀਸ ਦੀਆਂ ਗੱਡੀਆਂ ਉਪਰ ਇੱਟਾਂ-ਰੋੜੇ ਮਾਰੇ ਗਏ। ਡੀਐੱਸਪੀ ਸੁਨਾਮ ਭਰਪੂਰ ਸਿੰਘ ਨੇ ਦੱਸਿਆ ਕਿ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਧਰ ਇਕੱਠੇ ਹੋਏ ਲੋਕਾਂ ਵੱਲੋਂ ਪੁਲੀਸ ਕਾਰਵਾਈ ਦਾ ਵਿਰੋਧ ਕਰਦਿਆਂ ਥਾਣੇ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਵਲੋਂ ਪੁਲੀਸ ‘ਤੇ ਗਾਲੀ ਗਲੋਚ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੋਬਿੰਦ ਸਿੰਘ ਛਾਜਲੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਪੁਲੀਸ ਵਲੋਂ ਦਰਜ ਕੀਤਾ ਕੇਸ ਰੱਦ ਕੀਤਾ ਜਾਵੇ। ਥਾਣੇ ਤੋਂ ਬਾਅਦ ਲੋਕਾਂ ਵੱਲੋਂ ਮੁੱਖ ਸੜਕ ਉਪਰ ਰੋਸ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ ਜੋ ਕਿ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ।