ਕਤਲ ਦੀ ਗੁੱਥੀ 24 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ
ਕਬੂਤਰਾਂ ਵਾਲੇ ਖੁੱਡੇ ਵਿੱਚੋਂ ਮਿਲੀ ਸੀ ਨੌਜਵਾਨ ਦੀ ਲਾਸ਼; ਪੁਲੀਸ ਨੇ ਦੋ ਮਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
ਜ਼ਿਲ੍ਹਾ ਪੁਲੀਸ ਮਾਲੇਰਕੋਟਲਾ ਨੇ ਥਾਣਾ ਸਦਰ ਅਹਿਮਦਗੜ੍ਹ ਦੇ ਪਿੰਡ ਕੰਗਣਵਾਲ ਵਿੱਚ ਸ਼ੁੱਕਰਵਾਰ ਨੂੰ ਹੋਏ ਅੰਨ੍ਹੇ ਕਤਲ ਕਾਂਡ ਦੀ ਗੁੱਥੀ 24 ਘੰਟਿਆਂ ਅੰਦਰ ਸੁਲਝਾਉਣ ਦਾ ਦਾਅਵਾ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ ਪੀ (ਪੀ ਬੀ ਆਈ) ਰਾਜਵਿੰਦਰ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਉਰਫ਼ ਕਾਲਾ ਵਾਸੀ ਕੰਗਣਵਾਲ ਅਤੇ ਸਨਦੀਪ ਸਿੰਘ ਵਾਸੀ ਸੰਦੌੜ ਵਜੋਂ ਹੋਈ ਹੈ, ਜੋ ਮ੍ਰਿਤਕ ਦੇ ਦੂਰ ਦੇ ਰਿਸ਼ਤੇਦਾਰ ਹਨ।
ਉਨ੍ਹਾਂ ਦੱਸਿਆ ਕਿ 22 ਮਈ ਨੂੰ ਪਿੰਡ ਕੰਗਣਵਾਲ ਵਿੱਚ ਇਕੱਲੇ ਰਹਿੰਦੇ ਹਰਬਿੰਦਰ ਸਿੰਘ ਬਿੰਦਾ ਦੀ ਹੱਥ-ਪੈਰ ਬੰਨ੍ਹੀ ਲਾਸ਼ ਘਰ ਦੇ ਕਬੂਤਰਾਂ ਵਾਲੇ ਖੁੱਡੇ ਵਿਚੋਂ ਮਿਲਣ ਬਾਰੇ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਸੀ। ਐੱਸ ਐੱਚ ਓ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੇ ਭਰਾ ਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ। ਐੱਸ ਐੱਸ ਪੀ ਗੁਰਮੀਤ ਸਿੰਘ ਦੇ ਨਿਰਦੇਸ਼ਾਂ ਤਹਿਤ ਐੱਸ ਪੀ ਰੰਧਾਵਾ ਦੀ ਨਿਗਰਾਨੀ ਹੇਠ ਡੀ ਐੱਸ ਪੀ ਦੀਪਇੰਦਰਪਾਲ ਸਿੰਘ, ਡੀ ਐੱਸ ਪੀ ਇੰਦਰਪਾਲ ਚੌਹਾਨ, ਇੰਸਪੈਕਟਰ ਹਰਜਿੰਦਰ ਸਿੰਘ ਅਤੇ ਇੰਸਪੈਕਟਰ ਗੁਰਪ੍ਰੀਤ ਕੌਰ ’ਤੇ ਆਧਾਰਿਤ ਜਾਂਚ ਟੀਮ ਕਾਇਮ ਕੀਤੀ ਗਈ, ਜਿਸ ਨੇ ਫੋਰੈਂਸਿਕ ਟੀਮ ਦੀ ਮਦਦ ਨਾਲ ਤਕਨੀਕੀ ਪੜਤਾਲ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਐੱਸ ਪੀ ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਬਿੰਦਾ ਘਰੇਲੂ ਵਸਤੂਆਂ ਗਹਿਣੇ ਰੱਖ ਕੇ ਲੋਨ ਦੇਣ ਦਾ ਕਾਰੋਬਾਰ ਕਰਦਾ ਸੀ ਅਤੇ ਮੁਲਜ਼ਮਾਂ ਦਾ ਸਮਾਨ ਵੀ ਗਹਿਣੇ ਰੱਖਿਆ ਹੋਇਆ ਸੀ, ਜੋ ਕਤਲ ਦਾ ਕਾਰਨ ਬਣਿਆ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੂੰਘਾਈ ਨਾਲ ਤਫ਼ਤੀਸ਼ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ।

