ਮੁੱਖ ਮੰਤਰੀ ਦਾ ਧੂਰੀ ਦੌਰਾ ਐਨ ਮੌਕੇ ’ਤੇ ਰੱਦ
ਵਿਕਾਸ ਕਾਰਜਾਂ ਦੇ ਨੀਂਹ ਪੱਥਰ ਧਰੇ-ਧਰਾਏ ਰਹਿ ਗਏ; ਪ੍ਰੋਗਰਾਮ ਜਲਦੀ ਹੋਣ ਦੀ ਸੰਭਾਵਨਾ
ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਧੂੁਰੀ ਦੌਰਾ ਐਨ ਮੌਕੇ ’ਤੇ ਰੱਦ ਹੋ ਗਿਆ। ਮੁੱਖ ਮੰਤਰੀ ਨੇ ਅੱਜ ਹਲਕਾ ਧੂਰੀ ਅੰਦਰ 90 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣੇ ਸਨ ਪਰ ਨਿਰਧਾਰਤ ਪ੍ਰੋਗਰਾਮ ਤੋਂ ਤਕਰੀਬਨ ਡੇਢ ਘੰਟਾ ਪਹਿਲਾਂ ਰੱਦ ਹੋਣ ਕਾਰਨ ਜਿੱਥੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਨਮੋਸ਼ੀ ਝੱਲਣੀ ਪਈ ਉੱਥੇ ਨੀਂਹ ਪੱਥਰ ਵੀ ਧਰੇ-ਧਰਾਏ ਰਹਿ ਗਏ।
ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਦੇ ਸ਼ਹਿਰ ਧੂਰੀ ਅੰਦਰ 54 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸ਼ਹਿਰ ਅੰਦਰਲੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਇਲਾਵਾ ਹਲਕੇ ਦੇ ਪਿੰਡ ਜਹਾਂਗੀਰ ਅਤੇ ਕਹੇਰੂ ਦੇ ਸਾਂਝੇ ਸਰਕਾਰੀ ਸਕੂਲ ਨਾਲ ਲਗਦੀ ਪੰਚਾਇਤੀ ਜਗ੍ਹਾ ਵਿੱਚ 39.20 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ‘ਸਪੋਰਟਸ ਕੰਪਲੈਕਸ’ ਦਾ ਨੀਂਹ ਪੱਥਰ ਰੱਖਣਾ ਸੀ। ਸਵੇਰ ਤੋਂ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੁਲੀਸ ਪ੍ਰਸ਼ਾਸਨ ਦੇ ਸੈਂਕੜੇ ਅਧਿਕਾਰੀ ਮੁਲਾਜ਼ਮ ਆਪਣੀਆਂ ਡਿਊਟੀਆਂ ’ਤੇ ਡਟੇ ਹੋਏ ਸਨ। ਦੋਵੇਂ ਥਾਈਂ ਫੁੱਲਾਂ ਦੇ ਹਾਰਾਂ ਨਾਲ ਲੱਦੇ ਨੀਂਹ ਪੱਥਰਾਂ ਨੂੰ ਮੁੱਖ ਮੰਤਰੀ ਦੀ ਉਡੀਕ ਸੀ। ਸੂਤਰਾਂ ਮੁਤਾਬਕ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦੇ ਮੁੱਖ ਮੰਤਰੀ ਦੀ ਤਸਵੀਰ ਵਾਲੇ ਤਕਰੀਬਨ ਦੋ ਸੌ ਹੋਰਡਿੰਗ ਤਿਆਰ ਕੀਤੇ ਗਏ ਸਨ। ਜਹਾਂਗੀਰ-ਕਹੇਰੂ ਦੀਆ ਪੰਚਾਇਤਾਂ ਨੇ ਇੱਥੇ ਹੋਣ ਵਾਲੀ ਪ੍ਰੈੱਸ ਕਾਨਫਰੰਸ ਲਈ ਚੰਗੇ ਪ੍ਰਬੰਧ ਕੀਤੇ ਹੋਏ ਸਨ ਅਤੇ ਸਵੇਰ ਤੋਂ ਹੀ ਮਹਿਮਾਨਾਂ ਦੇ ਭੋਜ ਲਈ ਹਲਵਾਈ ਕੰਮਾਂ-ਕਾਰਾਂ ’ਤੇ ਲੱਗੇ ਹੋਏ ਸਨ। ਪਿੰਡ ਜਹਾਂਗੀਰ ਤੇ ਕਹੇਰੂ ਵਿੱਚ ਮੁੱਖ ਮੰਤਰੀ ਨੇ 1 ਵਜੇ ਆਉਣਾ ਸੀ ਪਰ ਨਿਰਧਾਰਤ ਸਮੇਂ ਤੋਂ ਇੱਕ ਡੇਢ ਘੰਟਾਂ ਪਹਿਲਾਂ ਪ੍ਰੋਗਰਾਮ ਰੱਦ ਹੋ ਗਿਆ ਜਿਸ ਮਗਰੋਂ ਸਿਵਲ ਤੇ ਪੁਲੀਸ ਪ੍ਰਸ਼ਾਸਨ ਕਰਮਚਾਰੀ ਵਾਪਸ ਪਰਤ ਗਏ। ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ ਹਾਲ ਦੀ ਘੜੀ ਉਨ੍ਹਾਂ ਟੈਂਟ ਵਗੈਰਾ ਲੁਹਾਏ ਨਹੀਂ ਹਨ ਕਿਉਂਕਿ ਤੁਰੰਤ ਹੀ ਅੱਜ-ਭਲਕ ਇਹ ਪ੍ਰੋਗਰਾਮ ਰੱਖੇ ਜਾਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਧੂਰੀ ਦੌਰਾ ਅੱਜ ਅਚਾਨਕ ਕਿਸੇ ਨਾ ਟਾਲੇ ਜਾਣ ਵਾਲੇ ਕਾਰਨਾਂ ਕਰ ਕੇ ਰੱਦ ਹੋ ਗਿਆ ਅਤੇ ਬਹੁਤ ਛੇਤੀ ਇਹ ਪ੍ਰੋਗਰਾਮ ਮੁੜ ਰੱਖਿਆ ਜਾਵੇਗਾ। ਏ ਡੀ ਸੀ ਸੰਗਰੂਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਅਗਲੇ ਪ੍ਰੋਗਰਾਮ ਸਬੰਧੀ ਫਿਲਹਾਲ ਕੋਈ ਤਾਜ਼ਾ ਹੁਕਮ ਨਹੀਂ ਹੋਏ।
