DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nasha Mukt Punjab Yatra: ਮੁੱਖ ਮੰਤਰੀ ਹਲਕਾ ਛੱਡਣ ਦੀ ਤਾਕ ’ਚ: ਬਿੱਟੂ

ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ

  • fb
  • twitter
  • whatsapp
  • whatsapp
featured-img featured-img
ਸੁਲਤਾਨਪੁਰ ਵਿੱਚ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਕਿਸਾਨ।
Advertisement

ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਪਿੰਡ ਸੁਲਤਾਨਪੁਰ ਵਿੱਚ ਕਿਸਾਨ ਜਥੇਬੰਦੀਆਂ ਨੇ ਪੁਲੀਸ ਰੋਕਾਂ ਦੇ ਬਾਵਜੂਦ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਹੋਰ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਬੀ ਕੇ ਯੂ (ਏਕਤਾ) ਉਗਰਾਹਾਂ ਅਤੇ ਬੀ ਕੇ ਯੂ ਡਕੌਂਦਾ (ਬੁਰਜਗਿੱਲ) ਦੀ ਅਗਵਾਈ ਹੇਠ ਕਿਸਾਨਾਂ ਨੇ ਰਵਨੀਤ ਬਿੱਟੂ ਵੱਲੋਂ ਅਲਾਲ ਰੇਲਵੇ ਸਟੇਸ਼ਨ ’ਤੇ ਯਾਤਰੀ ਗੱਡੀਆਂ ਰੁਕਵਾਉਣ ਦਾ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਕੁਝ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਅਰੇ ਵੀ ਲਾਏ। ਹਾਲਾਂਕਿ, ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਚੋਣ ਜ਼ਾਬਤੇ ਤੋਂ ਪਹਿਲਾਂ-ਪਹਿਲਾਂ ਰੇਲਵੇ ਸਟੇਸ਼ਨ _ਤੇ ਗੱਡੀ ਰੁਕਵਾਉਣ ਦੇ ਵਾਅਦੇ ਨੂੰ ਅਮਲੀ ਜਾਮਾ ਪਹਿਨਾ ਦੇਣਗੇ। ਇਸ ਤੋਂ ਪਹਿਲਾਂ ਪਿੰਡ ਸੁਲਤਾਨਪੁਰ ਵਿਚ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਗਾਮੀ ਵਿਧਾਨ ਸਭਾ ਚੋਣ ਹਾਰ ਰਹੇ ਹਨ, ਜਿਸ ਕਾਰਨ ਉਹ ਹਲਕਾ ਧੂਰੀ ਤੋਂ ਆਪਣਾ ਸਿਆਸੀ ਬੋਰੀਆ-ਬਿਸਤਰਾ ਸਮੇਟਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਇਸ਼ਾਰਾ ਕੀਤਾ ਕਿ ਧੂਰੀ ਤੋਂ ਅਗਲੇ ਵਿਧਾਇਕ ਪ੍ਰੋ. ਓਂਕਾਰ ਸਿੰਘ ਸਿੱਧੂ ਹੋਣਗੇ। ਬਿੱਟੂ ਨੇ ਸੂਬੇ ਵਿੱਚ ਨਸ਼ਿਆਂ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਬਣਨ ’ਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ, 24 ਹਜ਼ਾਰ ਪੱਕੇ ਕੋਚਾਂ ਦੀ ਭਰਤੀ ਅਤੇ ਲੋਕ ਭਲਾਈ ਸਕੀਮਾਂ ਦੀ ਰਾਸ਼ੀ ਦੁੱਗਣੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਉਕਤ ਯਾਤਰਾ ਬਰਨਾਲਾ ਹਲਕੇ ਦੇ ਪਿੰਡ ਕੱਟੂ ਤੋਂ ਬਲਾਕ ਸ਼ੇਰਪੁਰ ਦੇ ਪਿੰਡ ਬਾਲੀਆਂ ਵਿੱਚ ਪੁੱਜੀ ਜਿੱਥੇ ਭਾਜਪਾ ਦੀ ਰੈਲੀ ਮਗਰੋਂ ਯਾਤਰਾ ਕੁੰਭੜਵਾਲ, ਰੰਗੀਆਂ ਹੁੰਦੇ ਹੋਏ ਸੁਲਤਾਨਪੁਰ ਪੁੱਜੀ ਸੀ। ਸਾਬਕਾ ਮੰਤਰੀ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਕਾਰਨ ਘਰਾਂ ਵਿੱਚ ਸੱਥਰ ਵਿਛ ਰਹੇ ਹਨ ਅਤੇ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਅਜਿਹੇ ਸਮੇਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਮੌਕੇ ਸਮਾਗਮ ਦੀ ਪ੍ਰਬੰਧਕੀ ਟੀਮ ਦੇ ਆਗੂ ਅਤੇ ਸਾਬਕਾ ਸਰਪੰਚ ਗੁਰਦੀਪ ਸਿੰਘ, ਅਮੀਰ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਕਿਸਾਨ ਆਗੂ ਸਤਵੰਤ ਪੂਨੀਆ ਅਤੇ ਭਾਜਪਾ ਲੀਗਲ ਸੈੱਲ ਦੇ ਜ਼ਿਲ੍ਹਾ ਕਨਵੀਨਰ ਅਮਨਦੀਪ ਸਿੰਘ ਕਲੇਰਾਂ ਹਾਜ਼ਰ ਸਨ।

Advertisement

‘ਆਪ’ ਕੱਟੜ ਬੇਈਮਾਨਾਂ ਦੀ ਪਾਰਟੀ: ਮਿਸ਼ਰਾ

ਦਿੱਲੀ ਦੇ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਪਾਰਟੀ ਕੱਟੜ ਇਮਾਨਦਾਰਾਂ ਦੀ ਨਹੀਂ, ਸਗੋਂ ਕੱਟੜ ਬੇਈਮਾਨਾਂ ਦੀ ਪਾਰਟੀ ਸਿੱਧ ਹੋ ਰਹੀ ਹੈ। ਨਸ਼ਾ ਮੁਕਤ ਪੰਜਾਬ ਯਾਤਰਾ ਦੇ ਕਨਵੀਨਰ ਦਿਆਲ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਸੂਬੇ ਵਿੱਚ ਭਾਜਪਾ ਦੀ ਸਰਕਾਰ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਯਾਤਰਾ ਦੇ ਹਲਕਾ ਕਨਵੀਨਰ ਪ੍ਰੋਫੈਸਰ ਓਂਕਾਰ ਸਿੰਘ ਨੇ ਭਰਵੀਂਆਂ ਰੈਲੀਆਂ ਲਈ ਲੋਕਾਂ ਦਾ ਧੰਨਵਾਦ ਕੀਤਾ।

Advertisement

ਨਸ਼ਾ ਮੁਕਤ ਪੰਜਾਬ ਯਾਤਰਾ ਦਾ ਧੂਰੀ ਵਿੱਚ ਸਵਾਗਤ

ਧੂਰੀ (ਹਰਦੀਪ ਸਿੰਘ ਸੋਢੀ): ਭਾਜਪਾ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਧੂਰੀ ਪਹੁੰਚਣ ’ਤੇ ਸਥਾਨਕ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਅਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕਪਿਲ ਮਿਸ਼ਰਾ ਨੇ ਕਿਹਾ ਕਿ ਤਿੰਨ ਹਫ਼ਤਿਆਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ ’ਤੇ ਨਾਕਾਮ ਸਾਬਤ ਹੋਈ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਹਲਕਾ ਆਗੂ ਪ੍ਰੋ. ਉਂਕਾਰ ਸਿੰਘ ਸਿੱਧੂ, ਸਾਬਕਾ ਵਿਧਾਇਕ ਮੰਗਤ ਰਾਏ, ਕਿਸਾਨ ਵਿੰਗ ਦੇ ਸੂਬਾਈ ਆਗੂ ਸਤਵੰਤ ਸਿੰਘ ਪੂਨੀਆ, ਪ੍ਰਦੀਪ ਗਰਗ, ਜਗਦੇਵ ਜਿੰਦਲ, ਪਰਮਜੀਤ ਸਿੰਘ ਭਿੰਦੀ, ਨੀਲੂ ਮਿੱਤਲ, ਭੁਪੇਸ਼ ਜਿੰਦਲ, ਸਾਬਕਾ ਕੌਂਸਲਰ ਅਸ਼ਵਨੀ ਮਿੱਠੂ ਅਤੇ ਅਸ਼ੀਸ਼ ਗਰਗ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।

ਨਸ਼ੇ ਦੇ ਖ਼ਾਤਮੇ ਦੀ ਨੀਂਹ ਰੱਖੇਗੀ ਯਾਤਰਾ: ਹਰਪਾਲਪੁਰ

ਘਨੌਰ (ਦਰਸ਼ਨ ਸਿੰਘ ਮਿੱਠਾ): ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਘਨੌਰ ਤੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਭਾਜਪਾ ਵੱਲੋਂ ਸੂਬੇ ਵਿੱਚ ਸ਼ੁਰੂ ਕੀਤੀ ‘ਨਸ਼ਾ ਮੁਕਤ ਯਾਤਰਾ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਯਾਤਰਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਦੀ ਨੀਂਹ ਰੱਖੇਗੀ। ਹਰਪਾਲਪੁਰ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਨਸ਼ਾ ਖ਼ਤਮ ਕਰਨ ਦੇ ਵਾਅਦੇ ਕਰ ਕੇ ਸਰਕਾਰਾਂ ਬਣਾਈਆਂ, ਪਰ ਇਨ੍ਹਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਨਸ਼ੇ ਦੀ ਸਮੱਸਿਆ ਗੰਭੀਰ ਬਣੀ ਰਹੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਨਸ਼ੇ ਦੇ ਖਾਤਮੇ ਦਾ ਵਾਅਦਾ ਕੋਈ ਚੋਣ ਸਟੰਟ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਭਾਜਪਾ ਇਸ ਮਾਮਲੇ ਵਿੱਚ ਆਪਣੀ ਭੂਮਿਕਾ ਪੂਰੀ ਤਨਦੇਹੀ ਨਾਲ ਨਿਭਾਏਗੀ।

Advertisement
×