ਹਰਦੀਪ ਸਿੰਘ ਸੋਢੀ
ਧੂਰੀ, 28 ਨਵੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਤਰੀਕੇ ਨਾਲ ਲੋਕ ਪੱਖੀ ਫੈਸਲੇ ਲੈ ਰਹੇ ਹਨ, ਉਸ ਤੋਂ ਲੱਗਦਾ ਚੰਨੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਲਿਖਣਗੇ।
ਬੀਬੀ ਭੱਠਲ ਧੂਰੀ ਅੰਦਰ ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਗੁਪਤਾ ਦੇ ਭਰਾ ਦੇ ਭੋਗ ਵਿੱਚ ਸ਼ਾਮਿਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੰਮਕਾਜ ਕਰਨ ਦਾ ਤਰੀਕਾ ਵੱਖੋ-ਵੱਖਰਾ ਹੈ, ਜਿਸ ਤਰੀਕੇ ਨਾਲ ਚੰਨੀ ਦਲੇਰੀ ਨਾਲ ਇੱਕ ਤੋਂ ਬਾਅਦ ਇੱਕ ਫੈਸਲੇ ਲੈ ਰਹੇ ਹਨ, ਚੰਗਾ ਹੁੰਦਾ ਜੇਕਰ ਅਜਿਹੇ ਫੈਸਲੇ ਕੁਝ ਸਾਲ ਪਹਿਲਾਂ ਲਏ ਗਏ ਹੁੰਦੇ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਆਪਣੇ ਵਿਕਾਸ ਦੇ ਕਰਵਾਏ ਕੰਮਾਂ ਦੇ ਆਧਾਰ ਉੱਤੇ ਪੰਜਾਬ ਅੰਦਰ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਹੋਰ ਵੱਡੀਆਂ ਸਹੂਲਤਾਂ ਦੇਣ ਜਾ ਰਹੀ ਹੈ। ਉਨ੍ਹਾਂ ਕਿਸੇ ਵੀ ਆਗੂ ਦਾ ਨਾਮ ਲਏ ਬਿਨਾਂ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਹੁੰਦਾ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਦੋਵੇਂ ਆਗੂ ਝੂਠੇ ਵਾਅਦੇ ਕਰਨ ਵਿੱਚ ਸਭ ਤੋਂ ਅੱਗੇ ਹਨ। ਅਸਲੀਅਤ ਵਿੱਚ ਇਨ੍ਹਾਂ ਦੋਵਾਂ ਆਗੂਆਂ ਨੇ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਹੈ। ਇਸ ਮੌਕੇ ਉੱਪਰ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਬਿੀਆ, ਹੰਸ ਰਾਜ ਗੁਪਤਾ, ਨਰਿੰਦਰ ਸਿੰਘ ਬਖਸ਼ੀ, ਸਰਬਜੀਤ ਸਿੰਘ ਰੜ, ਗੁਰਬਖਸ਼ ਸਿੰਘ ਗੁੱਡੂ ਤੇ ਸੁਭਾਅ ਗਰੋਵਰ , ਹੋਰ ਆਗੂ ਹਾਜ਼ਰ ਸਨ।