ਅਕਾਲ ਕਾਲਜ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਪ੍ਰਬੰਧਾਂ ਹੇਠ ਕਰਵਾਇਆ ਤਿੰਨ ਰੋਜ਼ਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ ਟੀ ਯੂ ) ਦਾ ਅੰਤਰ-ਕਾਲਜ ਫੁਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ। ਸੀ ਜੀ ਸੀ ਝੰਜੇੜੀ ਦੀ ਟੀਮ ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਦਿਆਂ ਖ਼ਿਤਾਬ ਆਪਣੇ ਨਾਮ ਕੀਤਾ। ਸਮਾਪਤੀ ਅਤੇ ਇਨਾਮ ਵੰਡ ਸਮਾਗਮ ਦੌਰਾਨ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਸਾਈਂ ਸੈਂਟਰ ਮਸਤੂਆਣਾ ਸਾਹਿਬ ਦੇ ਸਾਬਕਾ ਸਹਾਇਕ ਡਾਇਰੈਕਟਰ ਮਨਜੀਤ ਸਿੰਘ ਬਾਲੀਆਂ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਜੇਤੂ ਟੀਮਾਂ ਦਾ ਸਨਮਾਨ ਕੀਤਾ। ਤਿੰਨ ਰੋਜ਼ਾ ਫੁਟਬਾਲ ਮੁਕਾਬਲਿਆਂ ਦੌਰਾਨ ਸੀ ਜੀ ਸੀ ਝੰਜੇੜੀ ਦੀ ਟੀਮ ਨੇ ਟਰਾਫੀ ’ਤੇ ਕਬਜ਼ਾ ਕੀਤਾ, ਕੁਐਸਟ ਮੁਹਾਲੀ ਦੀ ਟੀਮ ਨੇ ਦੂਜੇ, ਗੁਰੂ ਤੇਗ ਬਹਾਦਰ ਮੈਨੇਜਮੈਂਟ ਐਂਡ ਇੰਜਨੀਅਰਿੰਗ ਕਾਲਜ ਦਾਖਾ ਦੀ ਟੀਮ ਤੀਜੇ ਅਤੇ ਡੀ ਏ ਵੀ ਇੰਜਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਜਲੰਧਰ ਦੀ ਟੀਮ ਚੌਥੇ ਸਥਾਨ ’ਤੇ ਰਹੀ। ਟੂਰਨਾਮੈਂਟ ’ਚ 18 ਟੀਮਾਂ ਨੇ ਭਾਗ ਲਿਆ।
ਜਸਵੰਤ ਸਿੰਘ ਖਹਿਰਾ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਹਰ ਖਿਡਾਰੀ ਨੂੰ ਆਪਣੇ ਨਿਰਧਾਰਤ ਟੀਚੇ ਦੀ ਪ੍ਰਾਪਤੀ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਡਾਇਰੈਕਟਰ ਜਤਿੰਦਰ ਦੇਵ, ਡਾ. ਜਸਪਾਲ ਸਿੰਘ, ਡਾ. ਗੀਤਾ ਠਾਕੁਰ, ਡਾ. ਅਮਨਦੀਪ ਕੌਰ, ਬਹਾਦਰ ਸਿੰਘ ਭਸੌੜ, ਲਾਭ ਸਿੰਘ ਅਤੇ ਪੀ ਟੀ ਯੂ ਵੱਲੋਂ ਭੁਪਿੰਦਰ ਸਿੰਘ ਤੇ ਅਮਨਦੀਪ ਸਿੰਘ ਸਮੇਤ ਹੋਰ ਪਤਵੰਤੇ ਅਤੇ ਖੇਡ ਪ੍ਰਬੰਧਕ ਹਾਜ਼ਰ ਸਨ।

