ਗ਼ਬਨ ਮਾਮਲੇ ਵਿੱਚ ਮੁਅੱਤਲ ਸਕੱਤਰ ਖ਼ਿਲਾਫ਼ ਕੇਸ ਦਰਜ
ਕਿਸਾਨਾਂ ਤੋਂ ਵਸੂਲੇ ਪੈਸੇ ਬੈਂਕ ਵਿੱਚ ਜਮ੍ਹਾਂ ਨਾ ਕਰਵਾਉਣ ਦਾ ਦੋਸ਼
ਨੇੜਲੇ ਪਿੰਡ ਹਰਦਿਤਪੁਰਾ ਦੀ ਮਲਟੀਪਰਪਜ਼ ਕੋਆਪਰੇਟਿਵ ਸਹਿਕਾਰੀ ਸਭਾ ਵਿੱਚ ਸਾਢੇ ਨੌਂ ਲੱਖ ਤੋਂ ਵੱਧ ਰੁਪਏ ਦੇ ਗ਼ਬਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲੀਸ ਨੇ ਮੁਅੱਤਲ ਸਕੱਤਰ ਕਿਰਨਪ੍ਰੀਤ ਸਿੰਘ ਵਾਸੀ ਭਵਾਨੀਗੜ੍ਹ ਖ਼ਿਲਾਫ਼ 9 ਲੱਖ 77 ਹਜ਼ਾਰ 761 ਰੁਪਏ ਦੇ ਗ਼ਬਨ ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ ਹੈ।
ਸਹਾਇਕ ਰਜਿਸਟਰਾਰ ਸੰਗਰੂਰ ਰਾਜ ਪੁਰੋਹਿਤ ਵੱਲੋਂ ਐੱਸ ਐੱਸ ਪੀ ਸੰਗਰੂਰ ਨੂੰ ਦਿੱਤੀ ਲਿਖਤੀ ਦਰਖ਼ਾਸਤ ਅਨੁਸਾਰ, ਜਦੋਂ ਕਿਸਾਨਾਂ ਦੀਆਂ ਸ਼ਿਕਾਇਤਾਂ ’ਤੇ ਨਿਰੀਖਕਾਂ ਦੀ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਰਾਹੀਂ ਹਿਸਾਬ-ਕਿਤਾਬ ਦੀ ਜਾਂਚ ਕਰਵਾਈ ਗਈ, ਤਾਂ ਇਹ ਖ਼ੁਲਾਸਾ ਹੋਇਆ ਕਿ ਸਭਾ ਦੇ ਲਗਪਗ 20 ਮੈਂਬਰਾਂ ਨੇ ਆਪਣੇ ਕਰਜ਼ੇ ਅਤੇ ਵਿਆਜ ਦੇ ਪੈਸੇ ਸਕੱਤਰ ਕਿਰਨਪ੍ਰੀਤ ਸਿੰਘ ਕੋਲ ਜਮ੍ਹਾਂ ਕਰਵਾ ਕੇ ਰਸੀਦਾਂ ਹਾਸਲ ਕੀਤੀਆਂ ਸਨ; ਪਰ ਮੁਅੱਤਲ ਸਕੱਤਰ ਨੇ ਇਹ ਪੈਸੇ ਨਾ ਤਾਂ ਸਭਾ ਦੇ ਰਿਕਾਰਡ ਰਜਿਸਟਰ ਵਿੱਚ ਦਰਜ ਕੀਤੇ ਅਤੇ ਨਾ ਹੀ ਕੋਆਪਰੇਟਿਵ ਬੈਂਕ ਵਿੱਚ ਜਮ੍ਹਾਂ ਕਰਵਾਏ।
ਇਸ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਨੇ ਸਕੱਤਰ ਨੂੰ ਮੁਅੱਤਲ ਕਰਦਿਆਂ ਕਾਨੂੰਨੀ ਕਾਰਵਾਈ ਦਾ ਮਤਾ ਪਾਸ ਕੀਤਾ। ਐੱਸ ਐੱਸ ਪੀ ਸੰਗਰੂਰ ਦੇ ਹੁਕਮਾਂ ਤਹਿਤ ਥਾਣਾ ਭਵਾਨੀਗੜ੍ਹ ਵਿੱਚ 12 ਜੁਲਾਈ ਨੂੰ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੁਣ ਘਰੋਂ ਬਾਹਰ ਰਹਿ ਰਿਹਾ ਹੈ, ਪਰ ਪੁਲੀਸ ਵੱਲੋਂ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

