ਪੱਤਰ ਪ੍ਰੇਰਕ
ਸੰਗਰੂਰ, 22 ਜਨਵਰੀ
ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਦੋਸ਼ ਲਾਏ ਹਨ ਕਿ ਸ਼੍ਰੋਮਣੀ ਅਕਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ’ਚ ਦੇਰੀ ਲਈ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਸਾਂਝ ਜ਼ਿਮੇਵਾਰ ਹੈ, ਕਿਉਂਕਿ ਗੁਰਦੁਆਰਾ ਚੋਣ ਕਮਿਸ਼ਨ ਕਾਇਮ ਹੋਣ ਦੇ ਕਈ ਮਹੀਨੇ ਬੀਤ ਜਾਣ ਮਗਰੋਂ ਵੀ ਪੰਜਾਬ ਸਰਕਾਰ ਨੇ ਅਜੇ ਤੱਕ ਚੋਣ ਕਮਿਸ਼ਨ ਨੂੰ ਦਫ਼ਤਰ ਦੇਣ ਦਾ ਪ੍ਰਬੰਧ ਨਹੀਂ ਕੀਤਾ ਜਿੱਥੋ ਸ਼੍ਰੋਮਣੀ ਕਮੇਟੀ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ| ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਕਿਹਾ ਕਿ ਬਾਦਲ ਪਰਿਵਾਰ ਦੇ ਅਕਾਲ ਤਖ਼ਤ ਤੇ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਰਤਾਰੇ ਨੂੰ ਪੰਜਾਬ ਦੇ ਲੋਕ ਲਗਾਤਾਰ ਵੇਖ ਰਹੇ ਹਨ| ਜਿਸ ਤ੍ਵਰਾਂ ਪਿਛਲੇ ਸਮੇਂ ਦੌਰਾਨ ਪੰਥ ਦੀ ਤਾਕਤ ਨੂੰ ਕਮਜ਼ੋਰ ਕਰਨ ਦੇ ਯਤਨ ਹੋਏ ਇਸ ਤੋਂ ਸਿੱਖ ਜਗਤ ਹੁਣ ਬਾਦਲ ਪਰਿਵਾਰ ਨੂੰ ਸਿੱਖ ਸਿਆਸਤ ਤੋਂ ਬਾਹਰ ਕਰਨ ਲਈ ਉਤਾਵਲਾ ਹੈ, ਪਰ ਕਾਂਗਰਸ ਆਪਣੇ ਸਿਆਸੀ ਹਿਤਾਂ ਖਾਤਰ ਆਪਣਾ ਆਧਾਰ ਗੁਆ ਚੁੱਕੇ ਬਾਦਲ ਪਰਿਵਾਰ ਨੂੰ ਸਿਆਸੀ ਸਫ਼ਾਂ ਅੰਦਰ ਮੁੜ ਉਭਾਰਨ ਦੇ ਯਤਨ ਕਰ ਰਹੀ ਹੈ| ਸ੍ਰੀ ਢੀਂਡਸਾ ਨੇ ਕਿਹਾ ਕਿ ਕਾਂਗਰਸ ਪੰਜਾਬ ਅੰਦਰ ਤੀਸਰੇ ਫਰੰਟ ਦੇ ਉਭਰਨ ਦੇ ਯਤਨਾਂ ਨੂੰ ਢਾਹ ਲਾਉਣ ਲਈ ਯਤਨਸ਼ੀਲ ਹੈ| ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਲਈ ਕੰਮ ਕਰਨ ਕਰਕੇ ਕਿਸਾਨਾਂ ਦੇ ਨਿਸ਼ਾਨੇ ’ਤੇ ਹਨ| ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿੱਚ ਭੂਮਿਕਾ ਵੀ ਜੱਗ ਜਾਹਰ ਹੋ ਚੁੱਕੀ ਹੈ|