Captain Amarinder Singh ਦੀ Congress ’ਚ ਵਾਪਸੀ ਦੀ ਮੁੜ ਚਰਚਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਵਾਪਸੀ ਦੀਆਂ ਚਰਚਾਵਾਂ ਮੁੜ ਜ਼ੋਰ ਫੜ ਰਹੀਆਂ ਹਨ। ਭਾਜਪਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਥਿਤ ਅਣਦੇਖੀ ਕਾਰਨ ਕੈਪਟਨ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਵਾਪਸੀ ਦੀਆਂ ਚਰਚਾਵਾਂ ਮੁੜ ਜ਼ੋਰ ਫੜ ਰਹੀਆਂ ਹਨ। ਭਾਜਪਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਕਥਿਤ ਅਣਦੇਖੀ ਕਾਰਨ ਕੈਪਟਨ ਦਾ ਮੋਹ ਮੌਜੂਦਾ ਪਾਰਟੀ ਤੋਂ ਭੰਗ ਹੁੰਦਾ ਜਾਪ ਰਿਹਾ ਹੈ। ਦੂਜੇ ਪਾਸੇ ਕਾਂਗਰਸ ਦੀ ਪਹਿਲੀ ਅਤੇ ਦੂਜੀ ਕਤਾਰ ਦੀ ਲੀਡਰਸ਼ਿਪ ਦੇ ਤਾਜ਼ਾ ਬਿਆਨ ਇਹ ਸਪੱਸ਼ਟ ਇਸ਼ਾਰਾ ਕਰ ਰਹੇ ਹਨ ਕਿ ਪਾਰਟੀ ਸਾਬਕਾ ਮੁੱਖ ਮੰਤਰੀ ਪ੍ਰਤੀ ਕਾਫ਼ੀ ਗੰਭੀਰ ਅਤੇ ਨਰਮ ਰੁਖ਼ ਰੱਖਦੀ ਹੈ। ਇਸ ਸਿਆਸੀ ਹਲਚਲ ਦਾ ਕੇਂਦਰ ਇਸ ਵੇਲੇ ਪਟਿਆਲਾ ਦੀ ਕਾਂਗਰਸ ਬਣੀ ਹੋਈ ਹੈ।
ਇਸ ਮਾਮਲੇ ਨੂੰ ਉਸ ਵੇਲੇ ਹੋਰ ਹਵਾ ਮਿਲੀ ਜਦੋਂ ਕਾਂਗਰਸ ਦੇ ਕੌਮੀ ਆਗੂ ਸਚਿਨ ਪਾਇਲਟ ਨੇ ਕੈਪਟਨ ਦੀ ਭਾਜਪਾ ਬਾਰੇ ਬਿਆਨਬਾਜ਼ੀ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਆਸਤ ਵਿੱਚ ਕੁਝ ਵੀ ਸੰਭਵ ਹੈ। ਪਾਇਲਟ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਚਪਨ ਤੋਂ ਜਾਣਦੇ ਹਨ ਅਤੇ ਉਨ੍ਹਾਂ ਨਾਲ ਨੇੜਿਓਂ ਕੰਮ ਵੀ ਕੀਤਾ ਹੈ। ਹਾਲਾਂਕਿ ਹਾਲ ਹੀ ਵਿੱਚ ਉਨ੍ਹਾਂ ਦੀ ਕੋਈ ਨਿੱਜੀ ਗੱਲਬਾਤ ਨਹੀਂ ਹੋਈ। ਸਚਿਨ ਪਾਇਲਟ ਨੇ ਸਾਬਕਾ ਮੁੱਖ ਮੰਤਰੀ ਦੇ ਸਿਆਸੀ ਕੱਦ ਦੀ ਤਾਰੀਫ਼ ਕਰਦਿਆਂ ਆਖਿਆ ਕਿ ਕੈਪਟਨ ਨੇ ਪੰਜਾਬ ਲਈ ਬਿਹਤਰੀਨ ਕੰਮ ਕੀਤਾ ਹੈ ਅਤੇ ਫ਼ੌਜੀ ਪਿਛੋਕੜ ਵਾਲੇ ਇਸ ਆਗੂ ਦਾ ਰੁਤਬਾ ਬਹੁਤ ਵੱਡਾ ਹੈ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖ਼ੁਦ ਇੱਕ ਇੰਟਰਵਿਊ ਦੌਰਾਨ ਆਖ ਚੁੱਕੇ ਹਨ ਕਿ ਅੱਜ ਵੀ ਕਾਂਗਰਸ ਹਾਈਕਮਾਨ ਨਾਲ ਉਨ੍ਹਾਂ ਦੇ ਸਬੰਧ ਸੁਖਾਵੇਂ ਹਨ। ਭਾਵੇਂ ਉਨ੍ਹਾਂ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦਾ ਸਿਆਸੀ ਸਫ਼ਰ ਹੁਣ ਭਾਜਪਾ ਤੱਕ ਸੀਮਤ ਹੈ, ਪਰ ਨਾਲ ਹੀ ਇਹ ਇਸ਼ਾਰਾ ਵੀ ਕੀਤਾ ਸੀ ਕਿ ਜੇ ਸੋਨੀਆ ਗਾਂਧੀ ਨੂੰ ਨਿੱਜੀ ਤੌਰ ਉੱਤੇ ਉਨ੍ਹਾਂ ਦੀ ਲੋੜ ਪੈਂਦੀ ਹੈ ਤਾਂ ਉਹ ਹਮੇਸ਼ਾ ਤਿਆਰ ਰਹਿਣਗੇ। ਇਸੇ ਦੌਰਾਨ ਰਾਹੁਲ ਗਾਂਧੀ ਵੱਲੋਂ ਵੀ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੂੰ ਆਪਣਾ ਪਸੰਦੀਦਾ ਆਗੂ ਦੱਸਣਾ ਇਨ੍ਹਾਂ ਅਟਕਲਾਂ ਨੂੰ ਹੋਰ ਮਜ਼ਬੂਤ ਕਰਦਾ ਹੈ।
ਪਟਿਆਲਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਇਸ ਬਾਰੇ ਚਰਚਾ ਚੱਲ ਰਹੀ ਹੈ। ਇਸੇ ਕਰਕੇ ਸਚਿਨ ਪਾਇਲਟ ਨੂੰ ਇਸ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਅਮਰਿੰਦਰ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ ਪਰ ਹੁਣ ਅਮਰਿੰਦਰ ਉਨ੍ਹਾਂ ਦੇ ਸੰਪਰਕ ਵਿਚ ਨਹੀਂ ਹੈ।

