ਹਰਦੀਪ ਸਿੰਘ ਸੋਢੀ
ਧੂਰੀ, 11 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਤਿੰਨ ਜ਼ੋਨ ਕਮੇਟੀਆਂ ਦੇ ਕਿਸਾਨਾਂ ਨਾਲ ਹੋਈ ਮੀਟਿੰਗ ਦੌਰਾਨ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੋਂ ਸਬੰਧਤ 50 ਤੋਂ ਵੱਧ ਪਿੰਡਾਂ ਦਾ ਸਰਵੇਖਣ ਕਰਕੇ 15 ਦਿਨਾਂ ਅੰਦਰ ਮੰਗੀ ਰਿਪੋਰਟ ਦੀ ਪ੍ਰਕਿਰਿਆ ਮਗਰੋਂ ਲੋਕਾਂ ਦੀ ਇਸ ਚਿਰੋਕਣੀ ਮੰਗ ਨੂੰ ਬੂਰ ਪੈਣ ਦਾ ਮੁੱਢ ਬੱਝ ਗਿਆ ਹੈ। ਪੰਜਾਬ ਸਰਕਾਰ ਤੇ ਕਿਸਾਨਾਂ ਦਰਮਿਆਨ ਸਾਲਸੀ ਦੀ ਭੂਮਿਕਾ ਨਿਭਾਉਣ ਵਾਲੇ ਡਾਕਟਰ ਅਨਵਰ ਭਸੌੜ ਦੇ ਹਾਂ-ਪੱਖੀ ਯਤਨਾਂ ਸਦਕਾ ਨੇਪਰੇ ਚੜ੍ਹੀ ਮੀਟਿੰਗ ਵਿੱਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਏਕਤਾ ਉਗਰਾਹਾਂ ਦੇ ਹਰਜੀਤ ਸਿੰਘ ਬਧੇਸਾ, ਕਿਸਾਨ ਸਭਾ ਦੇ ਮੇਜਰ ਸਿੰਘ ਪੁੰਨਾਵਾਲ, ਮਲੇਰਕੋਟਲਾ ਜ਼ੋਨ ਪ੍ਰਧਾਨ ਮੱਘਰ ਸਿੰਘ ਭੂਦਨ, ਕੋ-ਕਨਵੀਨਰ ਸੁਖਵਿੰਦਰ ਸਿੰਘ ਚੂੰਘਾਂ, ਸਰਪੰਚ ਗੁਰਜੀਤ ਸਿੰਘ ਚਾਂਗਲੀ, ਭਜਨ ਸਿੰਘ ਕਲੇਰਾਂ, ਹਰਪ੍ਰੀਤ ਸਿੰਘ ਫਰਵਾਹੀ ਤੇ ਹਰਦਿਆਲ ਸਿੰਘ ਕਾਤਰੋਂ ਆਦਿ ਨੇ ਮੰਗਾਂ ਰੱਖੀਆਂ। ਮੁੱਖ ਮੰਤਰੀ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਨੇ ਮੀਟਿੰਗ ਵਿੱਚ ਨਹਿਰੀ ਵਿਭਾਗ ਦੇ ਹਾਜ਼ਰ ਐਕਸੀਅਨ ਸੁਖਜੀਤ ਸਿੰਘ ਨੂੰ 15 ਦਿਨਾਂ ਅੰਦਰ ਕਿਸਾਨਾਂ ਵੱਲੋਂ ਸੁਝਾਏ ਪਿੰਡਾਂ ਵਿੱਚ ਸਰਵੇਖਣ ਕਰ ਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ।