Cabinet Minister Aman Arora ਨੇ 66 ਲੱਖ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ, ਚੀਮਾ ਅਤੇ ਲੌਂਗੋਵਾਲ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਲਗਪਗ 66 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਪ੍ਰਾਜੈਕਟਾਂ ਤਹਿਤ ਤਿੰਨਾਂ ਸ਼ਹਿਰਾਂ ਵਿੱਚ 510 ਨਵੀਆਂ ਸਟਰੀਟ ਲਾਈਟਾਂ ਅਤੇ 71 ਸੀ ਸੀ...
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ, ਚੀਮਾ ਅਤੇ ਲੌਂਗੋਵਾਲ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਲਗਪਗ 66 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਪ੍ਰਾਜੈਕਟਾਂ ਤਹਿਤ ਤਿੰਨਾਂ ਸ਼ਹਿਰਾਂ ਵਿੱਚ 510 ਨਵੀਆਂ ਸਟਰੀਟ ਲਾਈਟਾਂ ਅਤੇ 71 ਸੀ ਸੀ ਟੀ ਵੀ ਕੈਮਰੇ ਲਗਾਏ ਜਾਣਗੇ, ਜਦੋਂਕਿ ਸੁਨਾਮ ਵਿੱਚ ਤਿੰਨ ਆਧੁਨਿਕ ਜਨਤਕ ਪਖਾਨੇ ਬਣਾਏ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੁਨਾਮ ਦੇ ਨਵਾਂ ਬਾਜ਼ਾਰ, ਪੁਰਾਣੀ ਅਨਾਜ ਮੰਡੀ ਅਤੇ ਪੀਰ ਵਾਲਾ ਗੇਟ ਵਿੱਚ ਜਨਤਕ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਾਈ ਜਾਵੇਗੀ। ਸਟਰੀਟ ਲਾਈਟਾਂ ਨਾਲ ਰਾਤ ਸਮੇਂ ਆਵਾਜਾਈ ਅਤੇ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਜਦੋਂਕਿ ਸੀ ਸੀ ਟੀ ਵੀ ਕੈਮਰੇ ਜਨਤਕ ਥਾਵਾਂ ਦੀ ਨਿਗਰਾਨੀ ਮਜ਼ਬੂਤ ਕਰਨਗੇ। ਇਹ ਕੰਮ ਅਗਲੇ 15 ਤੋਂ 20 ਦਿਨਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਇਨ੍ਹਾਂ ਦੀ ਸੰਭਾਲ ਲਈ ਸਬੰਧਤ ਕੰਪਨੀ ਨਾਲ ਪੰਜ ਸਾਲਾਂ ਦਾ ਇਕਰਾਰਨਾਮਾ ਕੀਤਾ ਗਿਆ ਹੈ। ਖ਼ਰਾਬੀ ਸਬੰਧੀ ਸ਼ਿਕਾਇਤ ਲਈ ਨੰਬਰ ਜਾਰੀ ਕੀਤਾ ਗਿਆ ਹੈ, ਜੋ ਹਰ ਖੰਭੇ ’ਤੇ ਦਰਜ ਹੋਵੇਗਾ।
ਇਸ ਮੌਕੇ ਮੰਤਰੀ ਅਰੋੜਾ ਨੇ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਬਾਰੇ ਦੱਸਦਿਆਂ ਕਿਹਾ ਕਿ ਸਰਕਾਰੀ ਜਾਂ ਮਿਉਂਸਿਪਲ ਜਾਇਦਾਦਾਂ ਵਿੱਚ 12 ਸਾਲਾਂ ਤੋਂ ਵੱਧ ਸਮੇਂ ਤੋਂ ਦੁਕਾਨਾਂ ਚਲਾ ਰਹੇ ਯੋਗ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਸੁਨਾਮ ਵਿੱਚ ਅਜਿਹੇ 182 ਦੁਕਾਨਦਾਰਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਸੁਨਾਮ, ਚੀਮਾ ਅਤੇ ਲੌਂਗੋਵਾਲ ਦੇ ਯੋਗ ਦੁਕਾਨਦਾਰਾਂ ਨੂੰ 6 ਨਵੰਬਰ ਤੱਕ ਲੋੜੀਂਦੇ ਦਸਤਾਵੇਜ਼ਾਂ ਸਣੇ ਅਰਜ਼ੀਆਂ ਸਬੰਧਤ ਕੌਂਸਲ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ।

