Sherpur-Bhagwanpura Road: ਟੁੱਟੀ ਸੜਕ ਲੋਕਾਂ ਲਈ ਮੁਸੀਬਤ ਬਣੀ
ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਸ਼ੇਰਪੁਰ-ਭਗਵਾਨਪੁਰਾ ਬੁਰੀ ਤਰ੍ਹਾਂ ਟੁੱਟੀ ਤੇ ਖਸਤਾ ਹਾਲ ਸੜਕ ’ਤੇ ਟੋਇਆ ਵਿੱਚ ਭਰਿਆ ਪਾਣੀ ਨੇੜਲੇ ਵਸਨੀਕਾਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਇਸ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਸਲੇ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਲੋਕ ਇਸ ਟੁੱਟੀ ਸੜਕ ਤੋਂ ਲੰਘਣ ਲਈ ਮਜ਼ਬੂਰ ਹਨ। ਇਸ ਸੜਕ ’ਤੇ ਪਾਵਰਕੌਮ ਦਫ਼ਤਰ, ਦੋ ਨਿੱਜੀ ਸਕੂਲ, ਗਊਸ਼ਾਲਾ ਅਤੇ ਧਾਰਮਿਕ ਸਥਾਨ ਹੋਣ ਕਾਰਨ ਵੱਡੀ ਗਿਣਤੀ ਰਾਹਗੀਰਾਂ ਤੋਂ ਇਲਾਵਾ ਸਕੂਲੀ ਬੱਚਿਆਂ ਨਾਲ ਭਰੀਆਂ ਬੱਸਾਂ ਵੈਨਾਂ ਲੰਘਦੀਆਂ ਹਨ। ਨੇੜਲੇ ਘਰਾਂ ਦੇ ਨਿਕਾਸੀ ਪਾਣੀ ਦੀ ਢੁੱਕਵੀਂ ਵਿਵਸਥਾ ਨਾ ਹੋਣ ਕਾਰਨ ਪਾਣੀ ਸੜਕ ’ਤੇ ਜਮ੍ਹਾਂ ਹੋ ਜਾਂਦਾ ਹੈ, ਜਿਸ ਨਾਲ ਸੜਕ ਹੋਰ ਵੀ ਖ਼ਰਾਬ ਹੋ ਰਹੀ ਹੈ। ਇਸ ਮੌਕੇ ਦਲਵੀਰ ਸਿੰਘ ਗਰੇਵਾਲ, ਦੀਪੂ ਸ਼ੇਰਪੁਰ, ਰਾਜਾ ਫੌਜੀ, ਭੋਲਾ ਸਿੰਘ, ਬੇਅੰਤ ਸਿੰਘ, ਬਹਾਦਰ ਸਿੰਘ, ਹਾਕਮ ਸਿੰਘ, ਸੁਖਦੇਵ ਸਿੰਘ, ਲੀਲਾ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਖਾਂ, ਜਸਬੀਰ ਕੌਰ, ਬਲਜੀਤ ਕੌਰ, ਕਰਮਜੀਤ ਕੌਰ ਅਤੇ ਜਗਦੇਵ ਸਿੰਘ ਰਿਸ਼ੀ ਭਗਵਾਨਪੁਰਾ ਆਦਿ ਵੀ ਹਾਜ਼ਰ ਸਨ।
ਸੜਕ ਬਣਾਉਣ ਦੀ ਤਜਵੀਜ਼ ਭੇਜ ਚੁੱਕੇ ਹਾਂ: ਪੰਡੋਰੀ
ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸੜਕ ਦੀ ਤਜਵੀਜ਼ ਤਿਆਰ ਕਰ ਕੇ ਸਬੰਧਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ ਅਤੇ ਜਲਦੀ ਹੀ ਇਸ ਦੀ ਉਸਾਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਘਰਾਂ ਦਾ ਨਿਕਾਸੀ ਪਾਣੀ ਸੜਕ ’ਤੇ ਆਉਣ ਕਾਰਨ ਸਮੱਸਿਆ ਵਧੀ ਹੈ ਅਤੇ ਇਸ ਦੇ ਹੱਲ ਲਈ ਨੇੜਲੀ ਪੰਚਾਇਤੀ ਜਗ੍ਹਾ ਵਿੱਚ ਨਿਕਾਸੀ ਪਾਣੀ ਪਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।

