Brick Kiln Workers Continue Protest: ਡੀ ਸੀ ਦਫ਼ਤਰ ਅੱਗੇ ਪੱਕੇ ਮੋਰਚੇ ’ਤੇ ਡਟੇ ਭੱਠਾ ਮਜ਼ਦੂਰ
ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਭੱਠਾ ਮਾਲਕਾਂ ’ਚ ਮੀਟਿੰਗ ਭਲਕੇ
ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਭੱਠਾ ਮਜ਼ਦੂਰਾਂ ਦਾ ਪੱਕਾ ਮੋਰਚਾ ਡੀ ਸੀ ਦਫ਼ਤਰ ਅੱਗੇ ਦੂਜੇ ਦਿਨ ਵੀ ਜਾਰੀ ਰਿਹਾ। ਭੱਠਾ ਮਜ਼ਦੂਰ ਕਾਨੂੰਨ ਤਹਿਤ ਉਜਰਤ ਲਾਗੂ ਕਰਨ ਅਤੇ ਹੋਰ ਮੰਗਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕਰ ਰਹੇ ਹਨ। ਭਾਵੇਂ ਕਿ ਪ੍ਰਸ਼ਾਸ਼ਨ ਵੱਲੋਂ ਕਿਸਾਨ ਮਜ਼ਦੂਰ ਐਸੋਸੀਏਸ਼ਨ ਦੀ ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਭੱਠਾ ਮਾਲਕਾਂ ਨਾਲ 9 ਜੁਲਾਈ ਦੀ ਮੀਟਿੰਗ ਤੈਅ ਕਰਵਾ ਦਿੱਤੀ ਗਈ ਹੈ ਪਰ ਭੱਠਾ ਮਜ਼ਦੂਰਾਂ ਅਨੁਸਾਰ ਮੰਗਾਂ ਦੀ ਪ੍ਰਾਪਤੀ ਤੱਕ ਉਹ ਪੱਕੋ ਮੋਰਚੇ ਤੇ ਡਟੇ ਰਹਿਣਗੇ।
ਇਸ ਮੌਕੇ ਕਿਸਾਨ ਮਜ਼ਦੂਰ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਿਲਵਰ ਖਾਂ ਨੇ ਕਿਹਾ ਕਿ ਭੱਠਾ ਮਜ਼ਦੂਰ ਲੰਬੇ ਸਮੇਂ ਤੋਂ ਆਪਣੀ ਕਾਨੂੰਨੀ ਉਜਰਤ ਅਤੇ ਹੋਰ ਕਿਰਤ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ ਪਰ ਕਿਰਤ ਵਿਭਾਗ ਵੱਲੋਂ ਨਾ ਤਾਂ ਕਾਨੂੰਨੀ ਰੇਟ ਲਾਗੂ ਕਰਵਾਏ ਗਏ ਅਤੇ ਨਾ ਹੀ ਬਾਕੀ ਮੰਗਾਂ ਦਾ ਕੋਈ ਹੱਲ ਕਰਵਾਇਆ ਗਿਆ ਜਦੋਂਕਿ ਕਿਰਤ ਵਿਭਾਗ ਦੀ ਇਹ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਭੱਠਿਆਂ ਉਪਰ ਮਜ਼ਦੂਰਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ। ਉਨ੍ਹਾਂ ਮੰਗ ਕੀਤੀ ਕਿ ਕਾਨੂੰਨੀ ਉਜਰਤ ਦਾ ਇੰਡਸਟਰੀਅਲ ਰਿਲੇਸ਼ਨਜ਼ ਕੋਡ, 2020 ਅਨੁਸਾਰ ਲਿਖਤੀ ਇਕਰਾਰਨਾਮਾ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਉਜਰਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਦੀਆਂ ਮੰਗਾਂ ਲਿਖਤੀ ਰੂਪ ਵਿੱਚ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਇਹ ਪੱਕਾ ਮੋਰਚਾ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਸੋਨੂੰ ਖਾਂ ਮਾਨਸਾ, ਜਸਵੀਰ ਖਾਂ ਬਰਨਾਲਾ, ਸਰਾਜ ਖਾਂ ਪਾਤੜਾਂ ਆਦਿ ਮੌਜੂਦ ਸਨ।
