ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 4 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਇੱਕ ਬੈਠਕ ਕਿਸਾਨ ਆਗੂ ਕੁਲਵਿੰਦਰ ਸਿੰਘ ਭੂਦਨ ਅਤੇ ਨਿਰਮਲ ਸਿੰਘ ਅਲੀਪੁਰ ਦੀ ਅਗਵਾਈ ਹੇਠ ਪਿੰਡ ਤੱਖਰ ਕਲਾਂ ਵਿੱਚ ਹੋਈ, ਜਿਸ ਵਿੱਚ ਯੂਨੀਅਨ ਦੀ ਔਰਤਾਂ ਦੀ ਇਕਾਈ ਦਾ ਗਠਨ ਕੀਤਾ ਗਿਆ। ਬੈਠਕ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਭੂਦਨ ਅਤੇ ਨਿਰਮਲ ਸਿੰਘ ਅਲੀਪੁਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ 8 ਮਾਰਚ ਨੂੰ ਔਰਤ ਦਿਹਾੜਾ ਮਨਾਇਆ ਜਾ ਰਿਹਾ ਹੈ।ਆਗੂਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਅਂਦੇ ਤਿੰਨ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਔਰਤਾਂ ਦੀਆਂ ਸਮੱਸਿਆਵਾਂ ਵਿੱਚ ਵੀ ਵਾਧਾ ਹੋਵੇਗਾ। ਔਰਤਾਂ ਨੂੰ ਪਰਿਵਾਰ ਚਲਾਉਣ ਵਿੱਚ ਭਾਰੀ ਮੁਸ਼ਕਿਲਾਂ ਆਉਣਗੀਆਂ। ਯੂਨੀਅਨ ਦੀ ਪਿੰਡ ਹਥਨ ਦੀ ਔਰਤ ਇਕਾਈ ਦੀ ਪ੍ਰਧਾਨ ਹਰਜੀਤ ਕੌਰ ਅਤੇ ਆਗੂ ਪਰਮਜੀਤ ਕੌਰ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ 8 ਮਾਰਚ ਦੇ ਸਮਾਗਮ ’ਚ ਸ਼ਮੂਲੀਅਤ ਕਰਨ। ਇਸ ਮੌਕੇ ਯੂਨੀਅਨ ਦੀ ਪਿੰਡ ਤੱਖਰ ਕਲਾਂ ਦੀ ਔਰਤ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿੱਚ ਸੰਦੀਪ ਕੌਰ ਨੂੰ ਪ੍ਰਧਾਨ, ਜਿੰਦਰ ਕੌਰ ਨੂੰ ਮੀਤ ਪ੍ਰਧਾਨ, ਅਜੀਤ ਕੌਰ ਨੂੰ ਖ਼ਜ਼ਾਨਚੀ, ਕਰਮਜੀਤ ਕੌਰ ਨੂੰ ਸਹਾਇਕ ਖ਼ਜ਼ਾਨਚੀ, ਬਲਵੰਤ ਕੌਰ ਨੂੰ ਜਨਰਲ ਸਕੱਤਰ, ਰਾਜ ਨੂ ਪ੍ਰੈੱਸ ਸਕੱਤਰ ਅਤੇ ਰਵੀਨਾ, ਕ੍ਰਿਸ਼ਨਾ ਦੇਵੀ, ਸੁਰਜੀਤ ਕੌਰ, ਬਲਜਿੰਦਰ ਕੌਰ ਅਤੇ ਚਰਨਜੀਤ ਕੌਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ।