BKU Ekta Ugrahan Stages Protests: ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਮੁਜ਼ਾਹਰੇ ਕੀਤੇ
ਪੇਪਰ ਲੀਕ ਮਾਮਲੇ ’ਚ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਨੂੰ ਇੱਕ-ਇੱਕ ਕਰੋੜ ਰੁਪਏ ਮੁਆਵਜ਼ਾ ਦੇਣ ਦੀ ਮੰਗ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਸਥਾਨਕ ਬੱਸ ਸਟੈਂਡ ਨੇੜੇ ਲਾਲ ਬੱਤੀ ਚੌਕ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨ ਦਿੱਲੀ ਵਿੱਚ ਜੰਤਰ ਮੰਤਰ ਤੇ ਦੇਸ਼ ਦੇ ਵਿਦਿਆਰਥੀਆਂ ਉਪਰ ਅੱਥਰੂ ਗੈਸ ਦੇ ਗੋਲੇ ਛੱਡਣ ਤੇ ਲਾਠੀਚਾਰਜ ਕਰਨ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਸਨ। ਕਿਸਾਨ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਦੀ ਅਗਵਾਈ ਹੇਠ ਬੱਸ ਸਟੈਂਡ ’ਚ ਇਕੱਠੇ ਹੋਏ ਜਿੱਥੋਂ ਰੋਸ ਮਾਰਚ ਕਰਦਿਆਂ ਲਾਲ ਬੱਤੀ ਚੌਕ ਵਿੱਚ ਪੁਤਲਾ ਫੂਕਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ, ਬਲਾਕ ਖਜ਼ਾਨਚੀ ਕਰਮਜੀਤ ਸਿੰਘ ਮੰਗਵਾਲ ਅਤੇ ਬਲਾਕ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਮੰਡੇਰ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਦੀ ਤਾਨਾਸ਼ਾਹੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਨੀਟ ਦਾ ਪੇਪਰ ਲੀਕ ਹੋਣ ਤੋਂ ਦੁਖੀ ਹੋ ਕੇ 20 ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਜਿਸਦੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਕੇਂਦਰ ਸਰਕਾਰ ਹੈ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਸੁਨਾਮ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜੀ ਗਈ। ਇਹ ਪ੍ਰਦਰਸ਼ਨ ਦਿੱਲੀ ਅਤੇ ਚੰਡੀਗੜ੍ਹ ਵਿੱਚ ਹੱਕਾਂ ਦੀ ਮੰਗ ਕਰ ਰਹੇ ਨੌਜਵਾਨਾਂ ਉੱਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕੀਤਾ ਗਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਰਾਮਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਬਲਜੀਤ ਸਿੰਘ ਮਾਡਲ ਟਾਊਨ, ਯਾਦਵਿੰਦਰ ਸਿੰਘ ਚੱਠੇ ਨਕਟੇ ਅਤੇ ਵੱਖ-ਵੱਖ ਪਿੰਡ ਇਕਾਈਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਨੌਜਵਾਨ ਹਾਜ਼ਰ ਸਨ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਬਲਾਕ ਦਿੜ੍ਹਬਾ ਦੇ ਵੱਖ-ਵੱਖ ਪਿੰਡਾਂ ਵਿੱਚ ਕੇਂਦਰ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ। ਕਿਸਾਨਾਂ ਨੇ ਦਿੱਲੀ ਦੇ ਜੰਤਰ ਮੰਤਰ ’ਚ ਵਿਦਿਆਰਥੀਆਂ ’ਤੇ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ। ਇਸ ਮੌਕੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾ, ਜਗਦੀਪ ਸਿੰਘ ਮਹਿਲਾ, ਇਕਾਈ ਪ੍ਰਧਾਨ ਜਗਜੀਤ ਸਿੰਘ ਸੇਖੋਂ, ਗੁਰਜੰਟ ਸਿੰਘ ਖਰਾ, ਦਰਸ਼ਨ ਸਿੰਘ ਮਾਨ, ਜੱਗਾ ਸਿੰਘ ਮਾਨ, ਗੁਰਸੇਵਕ ਸਿੰਘ ਸੋਹੀ, ਚਮਕੌਰ ਸਿੰਘ ਘੁਮਾਣ, ਨੱਥਾ ਸਿੰਘ ਸੋਹੀ ਤੇ ਮਹਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ।
ਕਾਲਾਝਾੜ ਟੌਲ ਪਲਾਜ਼ੇ ’ਤੇ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ
ਧੂਰੀ (ਬੀਰਬਲ ਰਿਸ਼ੀ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਬਲਾਕ ਵੱਲੋਂ ਪਿੰਡ ਲੱਡਾ ਦਿੱਲੀ ਵਿੱਚ ਵਿਦਿਆਰਥੀਆਂ ’ਤੇ ਕੀਤੀ ਗਈ ਪੁਲੀਸ ਕਾਰਵਾਈ, ਮਗਨਰੇਗਾ ਮਜ਼ਦੂਰਾਂ ’ਤੇ ਜ਼ੁਲਮ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। ਬੀ ਕੇ ਯੂ (ਏਕਤਾ)- ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਆਗੂ ਮਨਜੀਤ ਸਿੰਘ ਜਹਾਂਗੀਰ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਹੋਰ ਜਥੇਬੰਦੀਆਂ ਵੱਲੋਂ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ ਅਤੇ ਮੰਗਾਂ ਸਬੰਧੀ ਦਿੱਤੇ ਗਏ ਦਿੱਲੀ ਕੂਚ ਦੇ ਸੱਦੇ ਨੂੰ ਰੋਕਣ ਲਈ ਕੇਂਦਰ ਨੇ ਦਿੱਲੀ ਦੇ ਰਸਤੇ ਬੈਰੀਕੇਡ ਲਾ ਦਿੱਤੇ ਹਨ, ਜਦਕਿ ਹਰਿਆਣਾ ਸਰਕਾਰ ਨੇ ਪੰਜਾਬ ਦੀ ਸਰਹੱਦ ’ਤੇ ਵੀ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰੀ ਹੱਕਾਂ ਦਾ ਘਾਣ ਹੈ। ਇਸ ਮੌਕੇ ਆਗੂਆਂ ਨੇ 22 ਜੁਲਾਈ ਨੂੰ ਅਮਰੀਕਾ ਵਪਾਰ ਸਮਝੌਤੇ ਅਤੇ ਹੋਰ ਮੰਗਾਂ ਦੇ ਸਬੰਧ ਵਿੱਚ ਸੰਯੁਕਤ ਮੋਰਚੇ ਦੇ ਸੱਦੇ ’ਤੇ ਕਾਲਾਝਾੜ ਟੌਲ ਪਲਾਜ਼ਾ ’ਤੇ ਜਥੇਬੰਦੀ ਵੱਲੋਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਣ ਵਾਲੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

