BKU Ekta Ugrahan Announces Chandigarh Protest: ਉਗਰਾਹਾਂ ਯੂਨੀਅਨ ਵੱਲੋਂ ਚੰਡੀਗੜ੍ਹ ਧਰਨੇ ਦੀ ਤਿਆਰੀ ਲਈ ਲਾਮਬੰਦੀ
ਬਲਾਕ ਅਤੇ ਪਿੰਡਾਂ ਵਿੱਚੋਂ ਭਰਵੀਂ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਬਲਾਕ ਸੰਗਰੂਰ ਦੀ ਮੀਟਿੰਗ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਮਸਤੂਆਣਾ ਸਾਹਿਬ ਵਿੱਚ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ, ਖਜ਼ਾਨਚੀ ਕਰਮਜੀਤ ਸਿੰਘ ਮੰਗਵਾਲ ਅਤੇ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਮੰਡੇਰ ਨੇ ਦੱਸਿਆ ਕਿ 4 ਜੁਲਾਈ ਨੂੰ ਚੰਡੀਗੜ੍ਹ ਵਿੱਚ ਕਿਸਾਨਾਂ-ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਲਈ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜਪਾ ਹਕੂਮਤ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਨਾਲ ਵਪਾਰ ਸਮਝੌਤੇ ਉਪਰ ਦਸਤਖਤ ਕਰਨ ਜਾ ਰਹੀ ਹੈ ਜਿਸ ਨੂੰ ਰੋਕਣ ਅਤੇ ਤੇਲ ਤੇ ਗੈਸ ਦੀਆਂ ਵਧੀਆਂ ਹੋਈਆਂ ਕੀਮਤਾਂ ਵਾਪਸ ਕਰਵਾਉਣ ਲਈ ਵੱਡਾ ਇਕੱਠ ਕਰ ਕੇ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ 28 ਜੂਨ ਨੂੰ ਬਲਾਕ ਦੇ ਸਾਰੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕਰ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ। ਮੀਟਿੰਗ ਵਿੱਚ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ, ਸਕੱਤਰ ਅਤੇ ਵੱਖ-ਵੱਖ ਕਿਸਾਨ ਆਗੂ ਸ਼ਾਮਲ ਸਨ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਬਲਾਕ ਦਿੜ੍ਹਬਾ ਦੀ ਮੀਟਿੰਗ ਬਲਾਕ ਆਗੂ ਹਰਬੰਸ ਸਿੰਘ ਦਿੜ੍ਹਬਾ ਅਤੇ ਜੋਗਿੰਦਰ ਸਿੰਘ ਖੇੜੀ ਨਾਂਗਾ ਦੀ ਅਗਵਾਈ ਹੇਠ ਗੁਰਦੁਆਰਾ ਬੈਰਸੀਆਣਾ ਸਾਹਿਬ ਦੇ ਪਾਰਕ ਵਿੱਚ ਹੋਈ ਜਿਸ ਵਿੱਚ ਬਲਾਕ ਪੱਧਰ ਤੇ ਪਿੰਡਾਂ ਵਿੱਚੋਂ ਭਰਵੀਂ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾ ਨੇ ਦੱਸਿਆ ਕਿ ਭਾਰਤ ਦੀ ਮੋਦੀ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਦਬਾਅ ਥੱਲੇ ਆ ਕੇ ਟੈਕਸ ਮੁਕਤ ਵਪਾਰ ਸਮਝੌਤੇ ਕਰ ਕੇ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜ਼ਿਲ੍ਹਾ ਆਗੂ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ 29 ਜੂਨ ਨੂੰ ਬਲਾਕ ਦਿੜ੍ਹਬਾ ਦੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬਲਾਕ ਆਗੂ ਹਰਬੰਸ ਸਿੰਘ, ਜਗਦੀਪ ਸਿੰਘ ਮਹਿਲਾਂ, ਮਿਸ਼ਰਾ ਸਿੰਘ ਨਿਹਾਲਗੜ੍ਹ, ਮੇਜਰ ਸਿੰਘ ਕੌਹਰੀਆਂ ਤੋਂ ਇਲਾਵਾ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਹਾਜ਼ਰ ਸਨ।
