BKU Dakounda: ਕਿਸਾਨ ਆਗੂ ’ਤੇ ਹਮਲੇ ਦੇ ਮਾਮਲੇ ’ਚ ਥਾਣਾ ਘੇਰਿਆ
ਬੀ ਕੇ ਯੂ (ਡਕੌਂਦਾ) ਦੇ ਬਲਾਕ ਜਨਰਲ ਸਕੱਤਰ ਗਗਨਦੀਪ ਸਿੰਘ ਰਾਮਨਗਰ ਛੰਨਾ ’ਤੇ ਪਿਛਲੇ ਦਿਨੀਂ ਹੋਏ ਕਥਿਤ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਥਾਣਾ ਸ਼ੇਰਪੁਰ ਅੱਗੇ ਧਰਨਾ ਦਿੱਤਾ ਅਤੇ...
ਬੀ ਕੇ ਯੂ (ਡਕੌਂਦਾ) ਦੇ ਬਲਾਕ ਜਨਰਲ ਸਕੱਤਰ ਗਗਨਦੀਪ ਸਿੰਘ ਰਾਮਨਗਰ ਛੰਨਾ ’ਤੇ ਪਿਛਲੇ ਦਿਨੀਂ ਹੋਏ ਕਥਿਤ ਹਮਲੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਥਾਣਾ ਸ਼ੇਰਪੁਰ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਹਮਲੇ ਦੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ, ਘਟਨਾ ਸਥਾਨ ਤੋਂ ਸ਼ੇਰਪੁਰ ਪੁਲੀਸ ਵੱਲੋਂ ਕਬਜ਼ੇ ਵਿੱਚ ਲਈ ਗੱਡੀ ਛੱਡਣ ਅਤੇ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਅੱਜ ਸਵੇਰ ਸਮੇਂ ਇਲਾਕੇ ਦੇ ਪਿੰਡਾਂ ਤੋਂ ਕਿਸਾਨ ਆਪੋ-ਆਪਣੇ ਵਾਹਨਾਂ ਰਾਹੀਂ ਸ਼ੇਰਪੁਰ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਏ, ਜਿੱਥੋਂ ਉਹ ਗੱਡੀਆਂ ਦੇ ਕਾਫ਼ਲੇ ਦੇ ਰੂਪ ਵਿੱਚ ਥਾਣਾ ਸ਼ੇਰਪੁਰ ਵੱਲ ਰਵਾਨਾ ਹੋਏ। ਕਿਸਾਨਾਂ ਨੇ ਮੀਂਹ ਪੈਣ ਕਾਰਨ ਥਾਣੇ ਦੀ ਡਿਓਢੀ ’ਚ ਬੈਠਣ ਸਮੇਂ ਪੁਲੀਸ ਵੱਲੋਂ ਧੱਕਾ-ਮੁੱਕੀ ਕਰਨ ਦੇ ਦੋਸ਼ ਲਾਏ। ਬੀ ਕੇ ਯੂ ਡਕੌਂਦਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਰਾਮਨਗਰ ਛੰਨਾ ਨੇ ਕਿਹਾ ਕਿ ਪੁਲੀਸ ਵੱਲੋਂ ਕਥਿਤ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਕਿਸਾਨਾਂ ਵਿੱਚ ਰੋਸ ਹੈ। ਸ਼ਾਮ ਸਮੇਂ ਪੱਕੇ ਧਰਨੇ ਦੇ ਐਲਾਨ ਮਗਰੋਂ ਡੀ ਐੱਸ ਪੀ ਧੂਰੀ ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਕਿਸਾਨਾਂ ਨਾਲ ਮੀਟਿੰਗ ਕੀਤੀ। ਦੇਰ ਸ਼ਾਮ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ ਅਤੇ ਉਨ੍ਹਾਂ ਸਮਾਂ ਉਹ ਪੱਕਾ ਧਰਨਾ ਜਾਰੀ ਰੱਖਣਗੇ।
ਇਸ ਧਰਨੇ ਵਿੱਚ ਪੁੱਜੇ ਸਾਬਕਾ ਵਿਧਾਇਕ ਚੰਦ ਚੋਪੜਾ ਨੇ ਇਨਸਾਫ਼ ਦੀ ਲੜਾਈ ’ਚ ਸਰਗਰਮ ਸ਼ਮੂਲੀਅਤ ਦਾ ਵਾਅਦਾ ਕੀਤਾ। ਇਸ ਮੌਕੇ ਜ਼ਿਲ੍ਹਾ ਟੀਮ ਤੋਂ ਜਗਤਾਰ ਸਿੰਘ, ਮੱਖਣ ਸਿੰਘ ਦੁੱਗਾਂ, ਸੁਖਦੇਵ ਘਰਾਚੋਂ, ਆਗੂ ਰਣਜੀਤ ਸਿੰਘ ਬਾਜਵਾ, ਚਰਨ ਸਿੰਘ, ਭੋਲਾ ਸਿੰਘ, ਇਕਬਾਲ ਸਿੰਘ, ਜੈਦੇਵ ਸਿੰਘ ਆਦਿ ਵੀ ਹਾਜ਼ਰ ਸਨ।
ਬਣਦੀ ਕਾਰਵਾਈ ਕਰਾਂਗੇ: ਡੀ ਐੱਸ ਪੀ
ਡੀ ਐੱਸ ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਦੋਵੇਂ ਧਿਰਾਂ ’ਤੇ ਕੇਸ ਹੋ ਚੁੱਕਿਆ ਹੈ ਪਰ ਹੁਣ ਇੱਕ ਧਿਰ ਨੇ ਇੱਕ ਹੋਰ ਵੀਡੀਓ ਦਿੱਤੀ ਹੈ ਜਿਸ ਸਬੰਧੀ ਪੜਤਾਲ ਕਰ ਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

