ਪੰਜਾਬ ’ਚ ਅਸ਼ਾਂਤੀ ਫੈਲਾਉਣਾ ਚਾਹੁੰਦੀ ਹੈ ਭਾਜਪਾ: ਚੀਮਾ
ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਸਬੰਧੀ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਨੀ-ਬਹਾਨੀ ਪੰਜਾਬ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੀ ਹੈ ਪਰ ਸੂਬੇ ਦੇ ਚੇਤਨ ਲੋਕ ਉਨ੍ਹਾਂ ਦੀ ਯੋਜਨਾ ਨੂੰ ਕਿਸੇ ਕੀਮਤ ’ਤੇ ਸਫਲ...
ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਸਬੰਧੀ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਨੀ-ਬਹਾਨੀ ਪੰਜਾਬ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦੀ ਹੈ ਪਰ ਸੂਬੇ ਦੇ ਚੇਤਨ ਲੋਕ ਉਨ੍ਹਾਂ ਦੀ ਯੋਜਨਾ ਨੂੰ ਕਿਸੇ ਕੀਮਤ ’ਤੇ ਸਫਲ ਨਹੀਂ ਹੋਣ ਦੇਣਗੇ। ਵਿੱਤ ਮੰਤਰੀ ਸ੍ਰੀ ਚੀਮਾ ਅੱਜ ਪਿੰਡ ਭੋਜੋਵਾਲੀ ਵਿੱਜ ਸੀ ਐੱਮ ਐੱਫ ਓ (ਮੁੱਖ ਮੰਤਰੀ ਫੀਲਡ ਅਫ਼ਸਰ) ਮੁਹਾਲੀ ਗੁਰਮੀਤ ਸਿੰਘ ਸੋਹੀ ਦੇ ਪੀ ਸੀ ਐੱਸ ਬਣਨ ਅਤੇ ਉਨ੍ਹਾਂ ਦੇ ਪੁੱਤਰ ਇਸ਼ਾਨਦੀਪ ਸਿੰਘ ਸੋਹੀ ਦੇ ਜਨਮ ਦੀ ਖੁਸ਼ੀ ਵਿੱਚ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਵਿੱਚ ਸ਼ਿਰਕਤ ਕਰਨ ਅਤੇ ਪਰਿਵਾਰ ਨੂੰ ਮੁਬਾਰਕਵਾਦ ਦੇਣ ਲਈ ਪੁੱਜੇ ਸਨ।
ਉਨ੍ਹਾਂ ਕਿਹਾ ਕਿ ਪਹਿਲਾਂ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨੂੰ ਪੰਜਾਬੀਆਂ ਦੇ ਸਿਰੜੀ ਤੇ ਸਿਦਕੀ ਸੰਘਰਸ਼ ਦੇ ਮੱਦੇਨਜ਼ਰ ਵਾਪਸ ਲੈਣਾ ਪਿਆ ਅਤੇ ਫਿਰ ਸਮੇਂ-ਸਮੇਂ ਕੇਂਦਰ ਸਰਕਾਰ ਵੱਲੋਂ ਆਏ ਦਿਨ ਪੰਜਾਬ ਵਿਰੋਧੀ ਲਏ ਜਾ ਰਹੇ ਹੋਰ ਫੈਸਲੇ ਭਾਜਪਾ ਦੀ ਪੰਜਾਬ ਪ੍ਰਤੀ ਅੰਤਾਂ ਦੀ ਨਫ਼ਰਤ ਦਾ ਪ੍ਰਮਾਣ ਹਨ। ਇਸ ਮੌਕੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਜੱਸੀ ਸੇਖੋਂ, ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਐਡਵੋਕੇਟ ਕਿਰਨਜੀਤ ਸਿੰਘ ਸੇਖੋਂ, ਐੱਸ ਜੀ ਪੀ ਸੀ ਮੈਂਬਰ ਮਲਕੀਤ ਸਿੰਘ ਚੰਗਾਲ ਆਦਿ ਹਾਜ਼ਰ ਸਨ।

