ਮੁੱਖ ਮੰਤਰੀ ਦਫ਼ਤਰ ਅੱਗੇ ਭਾਜਪਾ ਦਾ ਧਰਨਾ
ਭਾਜਪਾ ਆਗੂਆਂ ਨੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਉਮੀਦਵਾਰਾਂ ਨੂੰ ਹਾਕਮ ਧਿਰ ਵੱਲੋਂ ਕਥਿਤ ਤੌਰ ’ਤੇ ਡਰਾਉਣ ਅਤੇ ਧਮਕਾਉਣ ਦੇ ਰੋਸ ਵਜੋਂ ਸਥਾਨਕ ਮੁੱਖ ਮੰਤਰੀ ਕੈਂਪ ਦਫ਼ਤਰ ਅੱਗੇ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਾਰਟੀ ਦੇ...
ਭਾਜਪਾ ਆਗੂਆਂ ਨੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਉਮੀਦਵਾਰਾਂ ਨੂੰ ਹਾਕਮ ਧਿਰ ਵੱਲੋਂ ਕਥਿਤ ਤੌਰ ’ਤੇ ਡਰਾਉਣ ਅਤੇ ਧਮਕਾਉਣ ਦੇ ਰੋਸ ਵਜੋਂ ਸਥਾਨਕ ਮੁੱਖ ਮੰਤਰੀ ਕੈਂਪ ਦਫ਼ਤਰ ਅੱਗੇ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਅਤੇ ਹਲਕਾ ਧੂਰੀ ਤੋਂ ਆਗੂ ਪ੍ਰੋ. ਉਂਕਾਰ ਸਿੰਘ ਸਿੱਧੂ ਨੇ ਸੱਤਾਧਾਰੀਆਂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿੱਥੇ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਹੁਣ ਭਾਜਪਾ ਦੇ ਵਾਰਡ ਨੰਬਰ 3 ਅਤੇ ਵਾਰਡ ਨੰਬਰ 2 ਦੇ ਉਮੀਦਵਾਰਾਂ ਨੂੰ ਡਰਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਜਪਾ ਉਮੀਦਵਾਰਾਂ ਨੂੰ ਪ੍ਰੇਸ਼ਾਨ ਕਰਨ ਦਾ ਖੁਲਾਸਾ ਕਰਦਿਆਂ ਕਿਹਾ ਕਿ ਪਹਿਲਾਂ ਜਿੱਥੇ ਵਾਰਡ ਨੰਬਰ 3 ਦੇ ਉਮੀਦਵਾਰ ਮਹਿਕ ਗੋਇਲ ਦੇ ਪਤੀ ਅਸ਼ਵਨੀ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੱਖ-ਵੱਖ ਤਰੀਕਿਆਂ ਨਾਲ ਡਰਾਇਆ ਗਿਆ, ਉੱਥੇ ਹੀ ਹੁਣ ਵਾਰਡ ਨੰਬਰ 2 ਦੇ ਉਮੀਦਵਾਰ ਪਰਮਜੀਤ ਸਿੰਘ ਭਿੰਦੀ ਨੂੰ ਕਥਿਤ ਤੌਰ ’ਤੇ ਪੁਲੀਸ ਰਾਹੀਂ ਕਿਸੇ ਝੂਠੇ ਮੁਕੱਦਮੇ ਵਿੱਚ ਫਸਾਉਣ ਦੀ ਧਮਕੀ ਦੇ ਕੇ ‘ਆਪ’ ਉਮੀਦਵਾਰ ਦੇ ਹੱਕ ਵਿੱਚ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਿੱਥੇ ਭਾਜਪਾ ਅਤੇ ਕਾਂਗਰਸ ਨੂੰ ਧੂਰੀ ਦੇ 21 ਵਾਰਡਾਂ ਲਈ ਪੂਰੇ ਉਮੀਦਵਾਰ ਹੀ ਨਹੀਂ ਮਿਲੇ, ਉੱਥੇ ਭਾਜਪਾ ਆਪਣੀ ਹਾਰ ਨੂੰ ਵੇਖਦਿਆਂ ਝੂਠੇ ਦੋਸ਼ ਲਗਾ ਰਹੀ ਹੈ।
ਕਾਂਗਰਸੀ ਉਮੀਦਵਾਰ ਦੇ ਕਾਗਜ਼ ਖੋਹਣ ’ਤੇ ਨਾਅਰੇਬਾਜ਼ੀ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਨਗਰ ਕੌਂਸਲ ਪਾਤੜਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਸਪੰਨ ਹੋ ਗਿਆ। ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅਖੀਰਲੇ ਦਿਨ ਕੁੱਲ 17 ਵਾਰਡਾਂ ਲਈ 84 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅੱਜ ਐੱਸ ਡੀ ਐੱਮ ਦਫ਼ਤਰ ਪਾਤੜਾਂ ਵਿੱਚ ਵਾਰਡ ਨੰਬਰ ਪੰਜ ਤੋਂ ਕਾਂਗਰਸ ਦੀ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਜਗਦੇਵ ਸਿੰਘ ਸੰਧੂ ਕਾਗਜ ਦਾਖਲ ਕਰਨ ਆਈ ਤਾਂ ਇਸੇ ਵਾਰਡ ਤੋਂ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਦੇ ਪਤੀ ਵਿਚਕਾਰ ਤਕਰਾਰਬਾਜ਼ੀ ਹੋ ਗਈ। ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਨੇ ‘ਆਪ’ ਆਗੂ ’ਤੇ ਕਾਗਜ਼ ਖੋਹ ਕੇ ਭੱਜਣ ਦੇ ਦੋਸ਼ ਲਗਾਏ। ਉਮੀਦਵਾਰ ਦੇ ਪਤੀ ਜਗਦੇਵ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਕਾਗਜ਼ ਖੋਹੇ ਜਾਣ ਦਾ ਖਦਸ਼ਾ ਸੀ, ਇਸ ਲਈ ਉਨ੍ਹਾਂ ਨੇ ਦੋ ਫਾਈਲਾਂ ਤਿਆਰ ਕੀਤੀਆਂ ਸਨ। ਇੱਕ ਫਾਈਲ ਉਨ੍ਹਾਂ ਦੀ ਪਤਨੀ ਕੋਲ ਅਤੇ ਇੱਕ ਉਨ੍ਹਾਂ ਦੇ ਆਪਣੇ ਹੱਥ ਵਿੱਚ ਸੀ। ਉਨ੍ਹਾਂ ਦੱਸਿਆ ਕਿ ‘ਆਪ’ ਉਮੀਦਵਾਰ ਉਨ੍ਹਾਂ ਦੀ ਫਾਈਲ ਖੋਹ ਕੇ ਭੱਜ ਗਿਆ, ਜਦੋਂ ਕਿ ਉਨ੍ਹਾਂ ਨੇ ਦੂਜੀ ਫਾਈਲ ਜਮ੍ਹਾਂ ਕਰਵਾ ਦਿੱਤੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਰੌਲਾ ਪੈਣ ’ਤੇ ਕਾਂਗਰਸ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਐੱਸ ਡੀ ਐੱਮ ਦਫ਼ਤਰ ਪਹੁੰਚ ਕੇ ਨਾਅਰੇਬਾਜ਼ੀ ਕੀਤੀ, ਜਿਸ ਦੇ ਚਲਦਿਆਂ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ। ਇਸ ਦੌਰਾਨ ਕਾਂਗਰਸ ਦੇ ਨੌਜਵਾਨ ਆਗੂ ਸਿਕੰਦਰ ਸਿੰਘ ਦੁਤਾਲ ਦੇ ਹੱਥ ’ਤੇ ਸੱਟ ਲੱਗ ਗਈ, ਜਿਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਚੋਣ ਅਧਿਕਾਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਨਾਮਜ਼ਦਗੀਆਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ ਹੈ। ਡੀ ਐੱਸ ਪੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਕਾਗਜ਼ ਖੋਹਣ ਸਬੰਧੀ ਜੇ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਨਿਯਮਾਂ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

