ਲੀਗਲ ਏਡ ਕੌਂਸਲ ਨੀਤੀ ਦੇ ਖ਼ਿਲਾਫ਼ ਵਕੀਲ ਪਿਛਲੇ 26 ਦਿਨਾਂ ਤੋਂ ਜ਼ਿਲ੍ਹਾ ਅਦਾਲਤੀ ਕੰਪਲੈਕਸ ਅੱਗੇ ਪੱਕੇ ਰੋਸ ਧਰਨੇ ’ਤੇ ਡਟੇ ਹੋਏ ਹਨ। ਇਸ ਸੰਘਰਸ਼ ਨੂੰ ਲਗਾਤਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ। ਹੁਣ ਤੱਕ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਅਕਾਲੀ ਦਲ ਵਾਰਿਸ ਪੰਜਾਬ ਅਤੇ ਬਸਪਾ ਦੇ ਆਗੂ ਧਰਨੇ ਵਿੱਚ ਸ਼ਾਮਲ ਹੋ ਚੁੱਕੇ ਹਨ।
ਇਸੇ ਦੌਰਾਨ ਭਾਜਪਾ ਖੇਡ ਸੈੱਲ ਪੰਜਾਬ ਦੇ ਇੰਚਾਰਜ ਕਰਮ ਲਹਿਲ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਨੇ ਵੀ ਧਰਨੇ ਵਿੱਚ ਪਹੁੰਚ ਕੇ ਵਕੀਲ ਭਾਈਚਾਰੇ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਮਸਲੇ ਦਾ ਜਲਦੀ ਹੱਲ ਕੱਢਣ ਦਾ ਭਰੋਸਾ ਦਿੱਤਾ। ਭਾਜਪਾ ਆਗੂ ਕਰਮ ਲਹਿਲ ਨੇ ਕਿਹਾ ਕਿ ਭਾਵੇਂ ਇਹ ਪਾਲਿਸੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਅਮਲ ਵਿੱਚ ਆਈ ਹੈ ਪਰ ਵਕੀਲਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਪਾਰਟੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਵਕੀਲ ਭਾਈਚਾਰੇ ਦੇ ਵਫ਼ਦ ਦੀ ਮੀਟਿੰਗ ਕੇਂਦਰੀ ਕਾਨੂੰਨ ਮੰਤਰੀ ਨਾਲ ਕਰਵਾਈ ਜਾਵੇਗੀ ਤਾਂ ਜੋ ਇਸ ਮਾਮਲੇ ਦਾ ਕੋਈ ਢੁਕਵਾਂ ਹੱਲ ਕੱਢਿਆ ਜਾ ਸਕੇ। ਸ੍ਰੀ ਲਹਿਲ ਨੇ ਵਕੀਲਾਂ ਨੂੰ ਭਾਰਤੀ ਲੋਕਤੰਤਰ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਹਮੇਸ਼ਾ ਵਕੀਲ ਭਾਈਚਾਰੇ ਦੀ ਇੱਜ਼ਤ ਕਰਦੀ ਹੈ ਅਤੇ ਪਾਰਟੀ ਵਿੱਚ ਉਨ੍ਹਾਂ ਨੂੰ ਵੱਡਾ ਮਾਨ-ਸਨਮਾਨ ਦਿੱਤਾ ਗਿਆ ਹੈ।
ਇਸ ਮੌਕੇ ਪ੍ਰਧਾਨ ਐਡਵੋਕੇਟ ਸੁਖਜਿੰਦਰ ਸਿੰਘ ਢੀਂਡਸਾ, ਐਡਵੋਕੇਟ ਦਲਜੀਤ ਸਿੰਘ ਸੇਖੋਂ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਐਡਵੋਕੇਟ ਲਲਿਤ ਗਰਗ, ਅਮਿਤ ਅਗਰਵਾਲ ਅਤੇ ਪਵਨ ਗੁਪਤਾ ਸਣੇ ਵਕੀਲ ਭਾਈਚਾਰਾ ਮੌਜੂਦ ਸੀ।

