local: ਭਾਜਪਾ ਵੱਲੋਂ ‘ਆਪ’ ਦੇ ਰੋਸ ਪ੍ਰਦਰਸ਼ਨ ਡਰਾਮੇਬਾਜ਼ੀ ਕਰਾਰ
ਈ ਡੀ ਨੇ ਭ੍ਰਿਸ਼ਟਾਚਾਰ ਸਾਹਮਣੇ ਲਿਆਂਦਾ: ਬੰਬ ਧਮਾਕਿਆਂ ਦੇ ਦੋਸ਼ਾਂ ਵਿਰੁੱਧ ਮੁੱਖ ਮੰਤਰੀ ਖ਼ਿਲਾਫ਼ ਸ਼ਿਕਾਇਤ ਕਰਾਂਗੇ: ਜਿੰਦਲ
ਭਾਜਪਾ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਵਿਰੁੱਧ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਇਥੇ ਪਾਰਟੀ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੇ ਕਿਹਾ ਕਿ ‘ਆਪ’ ਇੱਕ ਕਥਿਤ ਭ੍ਰਿਸ਼ਟਾਚਾਰੀ ਮੰਤਰੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ ਕਿਉਂਕਿ ਸੱਤਾਧਾਰੀ ਧਿਰ ਦਾ ਅਸਲੀ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਬੇਨਕਾਬ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦੇ ਲੋਕਾਂ ਦੇ ਨਕਾਰੇ ਆਗੂ ਪੰਜਾਬ ਦਾ ਪੈਸਾ ਲੁੱਟ ਕੇ ਲਿਜਾਣਗੇ ਤਾਂ ਇੱਕ-ਇੱਕ ਪੈਸਾ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਈ ਡੀ ਦੀ ਕਾਰਵਾਈ ਬਦਲੇ ਦੀ ਭਾਵਨਾ ਨਹੀਂ ਹੈ ਸਗੋਂ ਈ ਡੀ ਨੇ ਭ੍ਰਿਸ਼ਟਾਚਾਰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ, ‘‘ਅੱਜ ਆਮ ਆਦਮੀ ਪਾਰਟੀ ਵਾਲੇ ਇਥੇ ਡਰਾਮੇਬਾਜ਼ੀ ਕਰ ਕੇ ਚਲੇ ਗਏ ਹਨ ਕਿਉਂਕਿ ਇਹ ਡਰਾਮੇਬਾਜ਼ਾਂ ਦੀ ਸਰਕਾਰ ਹੈ।’’ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਜਾਂਚ ਨੂੰ ਰਾਜਨੀਤਕ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ।
ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਜੇਕਰ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਅਦਾਰਿਆਂ ਦੀਆਂ ਚੇਅਰਮੈਨੀਆਂ ਵੇਚਣੀਆਂ ਹਨ। ਸੱਤਾਧਾਰੀ ਧਿਰ ਦੇ ਵਿਧਾਇਕਾਂ ਨੇ ਗਜ਼ਾਂ ਵਿਚ ਨਹੀਂ ਸਗੋਂ ਏਕੜਾਂ ਵਿਚ ਕੋਠੀਆਂ ਉਸਾਰਨੀਆਂ ਹਨ ਤਾਂ ਫਿਰ ਈ ਡੀ ਨੇ ਤਾਂ ਆਉਣਾ ਹੀ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਜਲੰਧਰ ਅਤੇ ਅੰਮ੍ਰਿਤਸਰ ਵਿਖੇ ਬੰਬ ਧਮਾਕੇ ਹੋਏ ਸਨ। ਮੁੱਖ ਮੰਤਰੀ ਵਲੋਂ ਬੰਬ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਹੋਣ ਦੇ ਦੋਸ਼ ਲਾਏ ਹਨ ਜਦੋਂ ਕਿ ਡੀ ਜੀ ਪੀ ਪੰਜਾਬ ਆਈ ਐੱਸ ਆਈ ਦਾ ਹੱਥ ਦੱਸ ਰਹੇ ਹਨ। ਉਨ੍ਹਾਂ ਦੱਸਿਆ ਕਿ 12 ਮਈ ਨੂੰ ਭਾਜਪਾ ਦੀ ਜ਼ਿਲ੍ਹਾ ਇਕਾਈ ਵਲੋਂ ਸੰਗਰੂਰ ਵਿਚ ਵੱਡਾ ਇਕੱਠ ਕਰਕੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਮੁੱਖ ਮੰਤਰੀ ਖਿਲਾਫ਼ ਸ਼ਿਕਾਇਤ ਦਿੱਤੀ ਜਾਵੇਗੀ। ਇਸ ਮੌਕੇ ਭਾਜਪਾ ਆਗੂ ਪ੍ਰਦੀਪ ਗਰਗ, ਸੁਰਿੰਦਰ ਕੁਮਾਰ ਕਾਂਝਲਾ ਆਦਿ ਹਾਜ਼ਰ ਸਨ।

