ਬਰਿੰਦਰ ਗੋਇਲ ਨੇ ਨਹਿਰੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ
ਰਮੇਸ ਭਾਰਦਵਾਜ/ਕਰਮਵੀਰ ਸਿੰਘ ਸੈਣੀ
ਲਹਿਰਾਗਾਗਾ, 1 ਮਾਰਚ
ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਲਾਡਬੰਜਾਰਾ ਰਜਬਾਹੇ ਦੇ ਮਾਈਨਰ ਨੰਬਰ 8 ਦਾ ਵਾਧੂ ਪਾਣੀ ਸੰਭਾਲਣ ਲਈ 2.37 ਕਰੋੜ ਰੁਪਏ ਦੀ ਲਾਗਤ ਨਾਲ 7500 ਫੁੱਟ ਲੰਬੀ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਦੇ ਨਾਲ ਹੀ ਮਾਈਨਰ ਨੰਬਰ-9 ਦੀ ਨਵੀਂ ਉਸਾਰੀ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਪਾਈਪਲਾਈਨ ਪਾਉਣ ਲਈ 3.13 ਕਰੋੜ ਰੁਪਏ ਦੀ ਲਾਗਤ ਪਾਸ ਕੀਤੀ ਗਈ ਸੀ ਪਰ ਇਸ ਨੂੰ ਹੁਣ ਮਹਿਜ਼ 2 ਕਰੋੜ 37 ਲੱਖ ਰੁਪਏ ਦੀ ਲਾਗਤ ਨਾਲ ਪੂਰਾ ਕਰਵਾਇਆ ਜਾਵੇਗਾ ਜਿਸ ਨਾਲ ਸਰਕਾਰ ਦੇ ਕਰੀਬ 76 ਲੱਖ ਰੁਪਏ ਦੀ ਬੱਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਪਾਈਪਲਾਈਨ ਦੀ ਉਸਾਰੀ ਤੋਂ ਬਾਅਦ ਰਜਬਾਹੇ ਵਿੱਚ ਮੌਜੂਦ ਵਾਧੂ ਪਾਣੀ ਨੂੰ ਲਹਿਰਾਗਾਗਾ ਮੇਨ ਡਰੇਨ ਵਿੱਚ ਪਾਇਆ ਜਾਵੇਗਾ ਤਾਂ ਜੋ ਓਵਰਫਲੋਅ ਹੋਣ ਤੋਂ ਬਾਅਦ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਬਚਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪਾਈਪਲਾਈਨ ਦੇ ਨਿਰਮਾਣ ਨਾਲ ਹਲਕਾ ਲਹਿਰਾਗਾਗਾ ਅਤੇ ਹਲਕਾ ਦਿੜ੍ਹਬਾ ਦੇ 87 ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। 50 ਕਿਲੋਮੀਟਰ ਲੰਬਾ ਲਾਡਬੰਜਾਰਾ ਰਜਬਾਹਾ ਸਿਸਟਮ ਪੰਜਾਬ ਦੇ ਸਭ ਤੋਂ ਵੱਡੇ ਰਜਬਾਹਾ ਸਿਸਟਮਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚੋਂ 14 ਮਾਈਨਰਾਂ, 1 ਸਬ ਮਾਈਨਰ ਅਤੇ 5 ਬਰਾਂਚਾਂ ਨਿਕਲਦੀਆਂ ਹਨ ਅਤੇ ਵਾਧੂ ਪਾਣੀ ਨਾਲ ਇਸ ਰਜਬਾਹੇ ਦੇ ਆਲੇ ਦੁਆਲੇ ਨੁਕਸਾਨ ਦਾ ਖਤਰਾ ਵੀ ਵੱਧ ਸੀ। ਬਰਿੰਦਰ ਗੋਇਲ ਨੇ ਦੱਸਿਆ ਕਿ ਇਸੇ ਤਰ੍ਹਾਂ ਮਾਈਨਰ ਨੰਬਰ 9 ਤਕਰੀਬਨ 35 ਸਾਲ ਪੁਰਾਣਾ ਬਣਿਆ ਹੋਇਆ ਹੈ ਜੋ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੁੜ ਤੋਂ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਈਨਰ ਦੀ ਮੁੜ ਉਸਾਰੀ ਨਾਲ ਹਲਕਾ ਲਹਿਰਾਗਾਗਾ ਦੇ 5 ਪਿੰਡਾਂ, ਦੇਹਲਾ ਸੀਹਾਂ, ਭੁਟਾਲ ਕਲਾਂ, ਭੁਟਾਲ ਖੁਰਦ, ਲਹਿਲ ਕਲਾਂ ਅਤੇ ਗੋਬਿੰਦਪੁਰ ਪਾਪੜਾ ਦੇ 2352 ਏਕੜ ਰਕਬੇ ਨੂੰ ਪੂਰੀ ਸਮਰੱਥਾ ਨਾਲ ਨਹਿਰੀ ਪਾਣੀ ਦਾ ਲਾਭ ਮਿਲੇਗਾ। ਇਸ ਮੌਕੇ ਪੀਏ ਰਾਕੇਸ਼ ਕੁਮਾਰ ਗੁਪਤਾ, ਨਿਗਰਾਨ ਇੰਜਨੀਅਰ ਸੁਖਜੀਤ ਸਿੰਘ ਭੁੱਲਰ, ਉਪ ਮੰਡਲ ਅਫਸਰ ਅੰਮ੍ਰਿਤਪਾਲ ਸਿੰਘ ਪੁੰਜ, ਜਸਵੀਰ ਸਿੰਘ ਸਰਪੰਚ ਭੁਟਾਲ ਕਲਾਂ, ਹਰਬੰਸ ਸਿੰਘ ਸਰਪੰਚ ਡੇਰਾ ਪੰਚਾਇਤੀ ਭੁਟਾਲ ਕਲਾਂ ਤੇ ਮੋਹਨ ਲਾਲ ਆਦਿ ਹਾਜ਼ਰ ਸਨ।