ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 7 ਦਸੰਬਰ
ਪੰਜਾਬ ਪੁਲੀਸ ਕਾਂਸਟੇਬਲ ਭਰਤੀ ਵਿੱਚ ਘਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਨੌਜਵਾਨ ਮੁੰਡੇ ਕੁੜੀਆਂ ਵੱਲੋਂ 6 ਦਸੰਬਰ ਨੂੰ ਸੰਗਰੂਰ ਤੋਂ ਮੁੱਖ ਮੰਤਰੀ ਚੰਨੀ ਦੀ ਕੋਠੀ ਤੱਕ ਡਡੌਂਤ ਯਾਤਰਾ ਸ਼ੁਰੂ ਕੀਤੀ ਗਈ ਸੀ ਜੋ ਰਾਤ ਇੱਥੇ ਠਹਿਰਣ ਉਪਰੰਤ ਅੱਜ ਸਵੇਰੇ ਡਡੌਂਤ ਕਰਦਿਆਂ ਪਟਿਆਲਾ ਵੱਲ ਨੂੰ ਰਵਾਨਾ ਹੋ ਗਈ।
ਇਸ ਮੌਕੇ ਸਾਬਕਾ ਨਾਇਕ ਜਸਪਾਲ ਸਿੰਘ, ਦਵਿੰਦਰ ਸਿੰਘ ਖੰਨਾ,ਮਨਪ੍ਰੀਤ ਸਿੰਘ ਧੂਰੀ, ਦਵਿੰਦਰ ਧੂਰੀ, ਗੁਰਪ੍ਰੀਤ ਕੌਰ, ਅਵਨੀਤ ਕੌਰ, ਰੀਨਾ ਰਾਣੀ, ਜੋਤ ਕੌਰ ਅਤੇ ਰਮਨ ਮਾਨਸਾ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਾਂਸਟੇਬਲ ਭਰਤੀ ਵਿੱਚ ਇਨਸਾਫ ਲੈਣ ਲਈ ਉਨ੍ਹਾਂ ਨੇ ਇਹ ਰਸਤਾ ਅਖਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਵੱਲੋਂ ਸ਼ਹਿਰ ਦੀ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਥੋੜੇ ਸਮੇਂ ਲਈ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦਾ ਕਾਫਲਾ ਜਾਮ ਵਿੱਚ ਫਸ ਗਿਆ ਸੀ ਪਰ ਉਹ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਥਾਂ ਗੱਡੀਆਂ ਭਜਾ ਕੇ ਲੈ ਗਏ।