ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਜਨਵਰੀ
ਅੱਜ ਇੱਥੇ ਅਗਰਵਾਲ ਧਰਮਸ਼ਾਲਾ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਕਰਨ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਆਗੂ ਦਿਨੇਸ਼ ਕੁਮਾਰ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਘਿਰਾਓ ਕਰ ਲਿਆ। ਪ੍ਰੈਸ ਅਤੇ ਆਮ ਲੋਕਾਂ ਤੋਂ ਗੁਪਤ ਰੱਖਦਿਆਂ ਭਾਜਪਾ ਆਗੂਆਂ ਨੇ ਇਸ ਮੀਟਿੰਗ ਕਰਨੀ ਸੀ। ਮੀਟਿੰਗ ਵਿੱਚ ਦਿਨੇਸ਼ ਕੁਮਾਰ ਪੰਜ-ਸੱਤ ਮਿੰਟ ਸੰਬੋਧਨ ਕਰਕੇ ਕਾਹਲੀ ਵਿੱਚ ਉੱਥੋਂ ਨਿਕਲਣ ਲਈ ਜਿਉਂ ਹੀ ਆਪਣੀ ਗੱਡੀ ਵੱਲ ਵਧੇ ਤਾਂ ਐਨ ਉਸੇ ਮੌਕੇ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਹਰਜਿੰਦਰ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ ਅਤੇ ਗੁਰਦੇਵ ਸਿੰਘ ਆਲੋਅਰਖ ਦੀ ਅਗਵਾਈ ਹੇਠ ਕਿਸਾਨਾਂ ਉਨ੍ਹਾਂ ਨੂੰ ਘੇਰਾ ਲਿਆ ਅਤੇ ਕੇਦਰ ਸਰਕਾਰ ਖ਼ਿਲਾਫ਼਼ ਨਾਅਰੇਬਾਜੀ ਸ਼ੁਰੂ ਕਰ ਦਿੱਤੀ । ਕਿਸਾਨ ਆਗੂਆਂ ਦੇ ਜਬਰਦਸਤ ਵਿਰੋਧ ਕਾਰਨ ਭਾਜਪਾ ਆਗੂ ਨੂੰ ਧਰਮਸ਼ਾਲਾ ਵਿੱਚ ਪਰਤਣ ਲਈ ਮਜਬੂਰ ਕਰ ਹੋ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕਣ ਲਈ ਜਾਣ ਬੁੱਝ ਕੇ ਪੰਜਾਬ ਵਿੱਚ ਮੀਟਿੰਗਾਂ ਕਰ ਰਹੇ ਹਨ। ਅਖੀਰ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਸਾਨ ਧਰਨੇ ਵਿੱਚ ਆ ਕੇ ਵਿਸ਼ਵਾਸ ਦਿਵਾਇਆ ਕਿ ਉਹ ਕਿਸਾਨ ਦੇ ਪੁੱਤਰ ਹਨ ਅਤੇ ਉਹ ਹਮੇਸ਼ਾਂ ਕਿਸਾਨ ਦੇ ਹਿੱਤ ਵਿੱਚ ਖੜਨਗੇ। ਇਸ ਦੌਰਾਨ ਭਾਜਪਾ ਆਗੂਆਂ ਨੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਮੌਕੇ ਐੱਸਪੀ ਗੁਰਪ੍ਰੀਤ ਸਿੰਘ, ਡੀਐੱਸਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁਮਾਣ ਸਮੇਤ ਭਾਰੀ ਪੁਲੀਸ ਫੋਰਸ ਮੌਜੂਦ ਸੀ।