ਇੱਥੋਂ ਥੋੜ੍ਹੀ ਦੂਰ ਬਠਿੰਡਾ- ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਸਥਿਤ ਪਿੰਡ ਫੱਗੂਵਾਲਾ ਵਿਖੇ ਕੱਟ ’ਤੇ ਇਕ ਟਰੱਕ ਦੀ ਲਪੇਟ ਵਿੱਚ ਆ ਜਾਣ ਕਾਰਨ ਸਕੂਟਰੀ ਸਵਾਰ ਸੱਸ ਅਤੇ ਨੂੰਹ ਗੰਭੀਰ ਜ਼ਖ਼ਮੀ ਹੋ ਗਈਆਂ। ਬਾਅਦ ਵਿਚ ਨੂੰਹ ਮਨਜੀਤ ਕੌਰ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਦੇ ਵਾਰਡ ਨੰਬਰ 12 ਦੀ ਕੌਂਸਲਰ ਬਿੰਦਰੋ ਦੇਵੀ ਦੇ ਪਤੀ ਜੰਮੂ ਰਾਮ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਗਾਂਧੀ ਨਗਰ ਦੀਆਂ ਦੋ ਮਹਿਲਾਵਾਂ ਪਰਮਜੀਤ ਕੌਰ ਪੰਮੀ ਅਤੇ ਉਸ ਦੀ ਨੂੰਹ ਮਨਜੀਤ ਕੌਰ ਅੱਜ ਕਿਸੇ ਕੰਮ ਲਈ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਭਵਾਨੀਗੜ੍ਹ ਤੋਂ ਸੰਗਰੂਰ ਨੂੰ ਜਾ ਰਹੀਆਂ ਸਨ। ਉਹ ਜਦੋਂ ਪਿੰਡ ਫੱਗੂਵਾਲਾ ਵਿਖੇ ਹਾਈਵੇਅ ਵਿਚਕਾਰ ਬਣੇ ਕੱਟ ਨੇੜੇ ਪਹੁੰਚੀਆਂ ਤਾਂ ਇੱਥੇ ਇਨ੍ਹਾਂ ਦੀ ਸਕੂਟਰੀ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਸਕੂਟਰੀ ਸਵਾਰ ਉਕਤ ਦੋਵੇਂ ਸੱਸ ਅਤੇ ਨੂੰਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਇਸੇ ਦੌਰਾਨ ਇਥੋਂ ਲੰਘ ਰਹੇ ਐੱਸ.ਐੱਸ.ਪੀ ਸੰਗਰੂਰ ਨਵਰੀਤ ਸਿੰਘ ਤੂਰ ਨੇ ਜ਼ਖਮੀਆਂ ਨੂੰ ਕਿਸੇ ਸਾਧਨ ਰਾਹੀ ਇਲਾਜ ਲਈ ਤੁਰੰਤ ਸੰਗਰੂਰ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਪਹੁੰਚ ਕੇ ਮਨਜੀਤ ਕੌਰ ਨੇ ਜਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਇਸ ਹਾਦਸੇ ਵਿੱਚ ਸੱਸ ਪਰਮਜੀਤ ਕੌਰ ਦੀ ਹਾਲਤ ਵੀ ਕਾਫੀ ਨਾਜ਼ੁਕ ਬਣੀ ਹੋਈ ਸੀ, ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ।
ਫੋਟੋ=9 ਭਵਾਨੀਗੜ੍ਹ 03
ਭਵਾਨੀਗੜ੍ਹ ਦੇ ਪਿੰਡ ਫੱਗੂਵਾਲਾ ਵਿਖੇ ਸੜਕ ਹਾਦਸੇ ਵਿੱਚ ਨੁਕਸਾਨੀ ਸਕੂਟਰੀ।-ਫੋਟੋ: ਮੱਟਰਾਂ
