ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 21 ਸਤੰਬਰ
ਇੱਥੋਂ ਨੇੜਲੇ ਪਿੰਡ ਘਰਾਚੋਂ ਵਿਖੇ ਭਾਰਤੀ ਇਨਕਲਾਬੀ ਮਾਰਕਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਰਣਧੀਰ ਸਿੰਘ ਅਤੇ ਜੱਗਾ ਸਿੰਘ ਦੀ ਪ੍ਰਧਾਨਗੀ ਹੇਠ ਕਾਰਪੋਰੇਟ ਭਜਾਓ, ਮੋਦੀ ਹਰਾਓ ਦੇ ਨਾਅਰੇ ਹੇਠ ਜ਼ਿਲ੍ਹਾ ਪੱਧਰੀ ਭਰਵੀਂ ਕਾਨਫਰੰਸ ਕੀਤੀ ਗਈ। ਕਾਨਫਰੰਸ ਵਿੱਚ ਪਾਰਟੀ ਦੇ ਜਰਨਲ ਸਕੱਤਰ ਮੰਗਤ ਰਾਮ ਪਾਸਲਾ ਅਤੇ ਪੋਲਿਟ ਬਿਊਰੋ ਮੈਂਬਰ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ, ਫ਼ਿਰਕੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ,ਜਿਸ ਕਾਰਨ ਦੇਸ਼ ਦੇ ਕਿਸਾਨ, ਮਜ਼ਦੂਰ, ਆਮ ਕਾਰੋਬਾਰੀ ਲੋਕ ਨਪੀੜੇ ਜਾ ਰਹੇ ਹਨ। ਦੇਸ਼ ਨੂੰ ਧਰਮ ਆਧਾਰਿਤ ਕੱਟੜ ਰਾਸ਼ਟਰ ‘ਚ ਤਬਦੀਲ ਕਰਨ ਦੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਇਰਾਦਿਆਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ 2024 ਦੀਆਂ ਸੰਸਦੀ ਚੋਣਾਂ ਦੌਰਾਨ ਦੇਸ਼ ਵਿੱਚੋਂ ਮੋਦੀ ਸਰਕਾਰ ਨੂੰ ਲਾਂਭੇ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਇੱਥੇ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਹਰ ਫਰੰਟ ’ਤੇ ਫੇਲ੍ਹ ਕਰਾਰ ਦਿੱਤਾ। ਇਸ ਮੌਕੇ ਊਧਮ ਸਿੰਘ ਸੰਤੋਖ ਪੁਰਾ ਜ਼ਿਲ੍ਹਾ ਸੱਕਤਰ, ਨਿਰਮਲ ਸਿੰਘ ਬਟੜਿਆਣਾ, ਹਰਮੇਲ ਸਿੰਘ ਮਹਿਰੋਕ, ਗੁਰਤੇਜ ਸਿੰਘ ਜਨਾਲ, ਨਿਰਮਲ ਸਿੰਘ ਘਰਾਚੋਂ, ਬੇਅੰਤ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ।