ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 14 ਅਗਸਤ
ਅੱਜ ਸਵੇਰੇ ਇੱਥੇ ਨੈਸ਼ਨਲ ਹਾਈਵੇਅ ‘ਤੇ ਬਾਬਾ ਪੀਰ ਦੇ ਸਾਹਮਣੇ ਸਥਿਤ ਖੋਸਲਾ ਆਟੋਜ਼ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਕਾਫ਼ੀ ਸਾਮਾਨ ਸੜ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ। ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਜਦੋਂ ਉਨ੍ਹਾਂ ਨੇ ਬੰਦ ਦੁਕਾਨ ਦੇ ਅੰਦਰੋਂ ਧੂੰਆ ਨਿਕਲਦਾ ਦੇਖਿਆ ਤਾਂ ਤੁਰੰਤ ਹੀ ਦੁਕਾਨ ਦੇ ਮਾਲਕ ਨੂੰ ਫੋਨ ਕਰਕੇ ਮੌਕੇ ‘ਤੇ ਬੁਲਾਇਆ। ਦੁਕਾਨ ਦਾ ਸ਼ਟਰ ਖੋਲ੍ਹਣ ‘ਤੇ ਦੇਖਿਆ ਕਿ ਦੁਕਾਨ ਦੇ ਅੰਦਰ ਧੂੰਏ ਦੇ ਗੁਬਾਰ ਸੀ ਤੇ ਵੱਡੀ ਮਾਤਰਾ ‘ਚ ਦੁਕਾਨ ਅੰਦਰ ਪਿਆ ਸਾਮਾਨ ਅੱਗ ਦੀ ਲਪੇਟ ਵਿੱਚ ਆ ਚੁੱਕਿਆ ਸੀ। ਮੌਕੇ ‘ਤੇ ਇਕੱਤਰ ਹੋਏ ਦੁਕਾਨਾਦਾਰਾਂ ਤੇ ਆਮ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਤੇ ਨਾਲ ਹੀ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਅੱਗ ਸਬੰਧੀ ਸੂਚਨਾ ਦੇ ਦਿੱਤੀ ਗਈ।