Bhagwant Mann ਵੱਲੋਂ ਸਤੌਜ ਤੋਂ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਕਰਨ ਦੇ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ
Satauj Underground Wiring Project: ਸਤੌਜ ਵਿਚ ਅੱਠ ਕਰੋੜ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ ਪ੍ਰਾਜੈਕਟ
Satauj Underground Wiring Project: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਦੇਸ਼ ਦਾ ਪਹਿਲਾ ਖੰਭਾ-ਮੁਕਤ ਪਿੰਡਾਂ ਵਾਲਾ ਸੂਬਾ ਬਣਾਉਣ ਲਈ ਅੱਜ ਆਪਣੇ ਜੱਦੀ ਪਿੰਡ ਸਤੌਜ ਵਿੱਚ ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ (ਜ਼ਮੀਨਦੋਜ਼) ਪਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।
ਇਸ ਪ੍ਰਾਜੈਕਟ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਧੁਨਿਕ ਬੁਨਿਆਦੀ ਢਾਂਚੇ, ਨਿਰਵਿਘਨ ਬਿਜਲੀ ਸਪਲਾਈ ਅਤੇ ਸੁਰੱਖਿਅਤ ਪਿੰਡਾਂ 'ਤੇ ਅਧਾਰਿਤ "ਰੌਸ਼ਨ ਪੰਜਾਬ" ਦੀ ਸ਼ੁਰੂਆਤ ਦੱਸਿਆ। 'ਸਤੌਜ ਮਾਡਲ' ਨੂੰ ਪੂਰੇ ਦੇਸ਼ ਲਈ ਮਿਸਾਲ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਪਿੰਡਾਂ ਨੂੰ ਤਾਰਾਂ ਮੁਕਤ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ।
ਇਸ ਪਾਇਲਟ ਪ੍ਰਾਜੈਕਟ ਤਹਿਤ ਸਤੌਜ ਵਿੱਚ ਬਿਜਲੀ ਦੀਆਂ ਉਪਰੋਂ ਲੰਘਦੀਆਂ ਤਾਰਾਂ ਨੂੰ ਕਰੀਬ 8 ਕਰੋੜ ਰੁਪਏ ਦੀ ਲਾਗਤ ਨਾਲ ਜ਼ਮੀਨਦੋਜ਼ ਕੀਤਾ ਜਾਵੇਗਾ। ਇਹ ਦੇਸ਼ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੈ ਅਤੇ ਇਸ ਪਹਿਲਕਦਮੀ ਨਾਲ ਪੰਜਾਬ ਪੂਰੇ ਦੇਸ਼ ਲਈ ਮਾਡਲ ਪ੍ਰਾਜੈਕਟ ਵਜੋਂ ਉਭਰੇਗਾ।"
ਪ੍ਰਾਜੈਕਟ ਦੇ ਤਕਨੀਕੀ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, "ਇਸ ਪ੍ਰਾਜੈਕਟ ਤਹਿਤ 800 ਖਪਤਕਾਰਾਂ ਦੇ ਘਰਾਂ ਨੂੰ ਜੋੜਨ ਵਾਲੀ 41 ਕਿਲੋਮੀਟਰ ਸਰਵਿਸ ਕੇਬਲ ਜ਼ਮੀਨਦੋਜ਼ ਵਿਛਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ, ਮੀਂਹ ਤੇ ਤੇਜ਼ ਹਵਾਵਾਂ ਹੁਣ ਬਿਜਲੀ ਸਪਲਾਈ ਵਿੱਚ ਵਿਘਨ ਨਹੀਂ ਪਾ ਸਕਣਗੀਆਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਪੰਜਾਬ ਦੇ ਇਤਿਹਾਸ ਵਿੱਚ ਮੀਲ ਪੱਥਰ ਵਜੋਂ ਯਾਦ ਰੱਖਿਆ ਜਾਵੇਗਾ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਸਮੇਤ ਹਰਬੰਸ ਸਿੰਘ ਹੈਪੀ ਸਰਪੰਚ ਸਤੌਜ, ਹਰਵਿੰਦਰਪਾਲ ਰਿਸ਼ੀ ਸਤੌਜ ਮੈਂਬਰ ਬਲਾਕ ਸਮਿਤੀ, ਆਪ ਆਗੂ ਲਖਵੀਰ ਸਿੰਘ, ਯੂਥ ਆਗੂ ਆਪ ਜਸਵੀਰ ਸਿੰਘ, ਕੁਲਵਿੰਦਰ ਸਿੰਘ ਚਹਿਲ ਚੇਅਰਮੈਨ ਸ਼ਹੀਦ ਉਧਮ ਸਿੰਘ ਅਕੈਡਮੀ ਸਤੌਜ, ਪੰਚ ਸੂਬਾ ਸਿੰਘ, ਪੰਚ ਰਛਪਾਲ ਸਿੰਘ, ਪੰਚ ਭੋਲਾ ਸਿੰਘ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।

