Bhagwant Mann Journey: ਭਗਵੰਤ ਮਾਨ ਦੇ ਸਤੌਜ ਤੋਂ ਮੁੱਖ ਮੰਤਰੀ ਬਣਨ ਤਕ ਦੇ ਸਫਰ ਬਾਰੇ ਫਿਲਮ 30 ਨੂੰ ਹੋਵੇਗੀ ਰਿਲੀਜ਼
ਸੱਤ ਭਾਸ਼ਾਵਾਂ ਵਿਚ ਹੋਵੇਗੀ ਰਿਲੀਜ਼; ਬਚਪਨ ਦੀਆਂ ਯਾਦਾਂ ਤੇ ਹੋਰ ਕਿੱਸਿਆਂ ਦਾ ਸੁਮੇਲ ਹੋਵੇਗੀ ਫਿਲਮ
Bhagwant Mann Journey: ਡਿਸਕਵਰੀ ਚੈਨਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿਚ ਬੀਤੇ ਬਚਪਨ ਤੋਂ ਲੈ ਕੇ ਸੰਸਦ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਤੱਕ ਦੇ ਸਫ਼ਰ 'ਤੇ ਆਧਾਰਿਤ ਇੱਕ ਫ਼ਿਲਮ ਜਲਦ ਰਿਲੀਜ਼ ਕੀਤੀ ਜਾਵੇਗੀ ।
“ਫ਼ਰੌਮ ਸਤੌਜ ਟੂ ਪਾਰਲੀਮੈਂਟ” ਦੇ ਨਾਮ ਹੇਠ ਇਹ ਫ਼ਿਲਮ 30 ਅਗਸਤ ਨੂੰ ਸੱਤ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਭਗਵੰਤ ਮਾਨ ਨੇ ਅੱਜ ਦੇਰ ਸ਼ਾਮ ਇਸ ਫ਼ਿਲਮ ਦਾ ਟਰੇਲਰ ਸਾਂਝਾ ਕਰਦਿਆਂ ਆਪਣੇ ਇਸ ਸਫ਼ਰ ਨੂੰ “ਮਿੱਟੀ ਨਾਲ ਜੁੜੇ ਇੱਕ ਇਨਸਾਨ... ਲੋਕਾਂ ਨੂੰ ਹਸਾਉਣ ਵਾਲੇ ਇੱਕ ਵਿਅੰਗਕਾਰ... ਅਤੇ ਸ਼ਾਸਨ ਦਾ ਨਵਾਂ ਮਾਪਦੰਡ ਕਾਇਮ ਕਰਨ ਵਾਲੇ ਮੁੱਖ ਮੰਤਰੀ” ਦੀ ਕਹਾਣੀ ਦੱਸਿਆ ਹੈ।
ਇਹ ਫ਼ਿਲਮ ਭਗਵੰਤ ਮਾਨ ਦੇ ਸਤੌਜ ਵਿੱਚ ਬੀਤੇ ਸ਼ੁਰੂਆਤੀ ਜੀਵਨ, ਵਿਅੰਗਕਾਰ (ਹਾਸਰਸ ਕਲਾਕਾਰ) ਵਜੋਂ ਉਨ੍ਹਾਂ ਦੇ ਕਰੀਅਰ, ਪੀਪਲਜ਼ ਪਾਰਟੀ ਆਫ਼ ਪੰਜਾਬ ਰਾਹੀਂ ਰਾਜਨੀਤੀ ਵਿੱਚ ਪ੍ਰਵੇਸ਼, ਆਮ ਆਦਮੀ ਪਾਰਟੀ ਨਾਲ ਜੁੜਨ, 2014 ਅਤੇ 2019 ਵਿੱਚ ਲੋਕ ਸਭਾ ਲਈ ਚੁਣੇ ਜਾਣ ਅਤੇ ਅੰਤ ਵਿੱਚ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੱਕ ਦੇ ਪੂਰੇ ਸਫ਼ਰ ਨੂੰ ਦਰਸਾਉਂਦੀ ਹੈ।
ਇਸ ਵਿੱਚ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ, ਮਾਤਾ ਹਰਪਾਲ ਕੌਰ ਅਤੇ ਮਨੋਰੰਜਨ ਜਗਤ ਦੇ ਦੋਸਤਾਂ ਦੀਆਂ ਯਾਦਾਂ ਅਤੇ ਗੱਲਾਂ ਸ਼ਾਮਲ ਹਨ, ਜੋ ਇੱਕ ਪੇਂਡੂ ਪਿਛੋਕੜ ਤੋਂ ਉੱਠ ਕੇ ਸੂਬੇ ਦੇ ਸਭ ਤੋਂ ਉੱਚੇ ਸਿਆਸੀ ਅਹੁਦੇ ਤੱਕ ਪਹੁੰਚਣ ਦੀ ਕਹਾਣੀ ਬਿਆਨ ਕਰਦੇ ਹਨ।
'ਸਤੌਜ ਤੋਂ ਸੰਸਦ'.. ਮੇਰੇ ਜੀਵਨ 'ਤੇ ਆਧਾਰਿਤ ਇਹ ਖ਼ਾਸ ਸ਼ੋਅ 7 ਵੱਖ-ਵੱਖ ਭਾਸ਼ਾਵਾਂ 'ਚ ਡਿਸਕਵਰੀ ਚੈਨਲ 'ਤੇ ਜ਼ਰੂਰ ਦੇਖੋ..
30 ਅਗਸਤ (ਐਤਵਾਰ), ਸ਼ਾਮ 7 ਵਜੇ.. pic.twitter.com/QCCAHot9tN
— Bhagwant Mann (@BhagwantMann) August 20, 2026
ਫਿਲਮ ਵਿੱਚ ਮਾਨ ਸਰਕਾਰ ਦੀਆਂ ਪ੍ਰਮੁੱਖ ਪਹਿਲਕਦਮੀਆਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਨਹਿਰੀ ਪਾਣੀ ਨੂੰ ਸਿੰਜਾਈ ਨੈੱਟਵਰਕ ਦੇ ਆਖ਼ਰੀ ਕੋਨੇ (ਟੇਲਾਂ) ਤੱਕ ਪਹੁੰਚਾਉਣ ਦੇ ਯਤਨ, ਸਰਵਵਿਆਪੀ ਸਿਹਤ ਬੀਮਾ ਯੋਜਨਾ ਅਤੇ 'ਮਾਵਾਂ ਧੀਆ ਸਤਿਕਾਰ ਯੋਜਨਾ' ਸ਼ਾਮਲ ਹਨ।
ਪੰਜਾਬ ਵਿੱਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਫ਼ਿਲਮ ਦਾ ਸਮਾਂ ਸਿਆਸੀ ਤੌਰ 'ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਮਾਨ ਦੇ ਇੱਕ "ਮਾਸਟਰ ਦੇ ਪੁੱਤ" ਵਜੋਂ ਹੋਏ ਸਾਧਾਰਨ ਸ਼ੁਰੂਆਤੀ ਜੀਵਨ 'ਤੇ ਧਿਆਨ ਕੇਂਦਰਿਤ ਕਰਕੇ ਅਤੇ ਉਨ੍ਹਾਂ ਦੇ ਨਿੱਜੀ ਸਫ਼ਰ ਨੂੰ ਸਰਕਾਰ ਦੀਆਂ ਉਪਲਬਧੀਆਂ ਨਾਲ ਜੋੜ ਕੇ, ਇਹ ਫ਼ਿਲਮ 'ਆਪ' ਨੂੰ ਮੁੱਖ ਮੰਤਰੀ ਦੀ ਪੰਜਾਬੀ ਪਛਾਣ ਅਤੇ ਸ਼ਾਸਨ ਦੇ ਰਿਕਾਰਡ ਦੁਆਲੇ ਇੱਕ ਸਿਆਸੀ ਬਿਰਤਾਂਤ ਸਿਰਜਣ ਵਿੱਚ ਮਦਦ ਕਰ ਸਕਦੀ ਹੈ।

