ਕਾਂਗਰਸੀ ਵਰਕਰਾਂ ’ਚ ਜੋਸ਼ ਭਰੇਗੀ ਬਰਨਾਲਾ ਰੈਲੀ: ਵੜਿੰਗ
ਰੈਲੀ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗ; ਵਰਕਰਾਂ ਨੂੰ ਵੱਡੀ ਗਿਣਤੀ ’ਚ ਪੁੱਜਣ ਦਾ ਸੱਦਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ 28 ਫਰਵਰੀ ਨੂੰ ਬਰਨਾਲਾ ਵਿੱਚ ਹੋਣ ਵਾਲੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਵਿੱਢ ਦਿੱਤੀਆਂ ਹਨ ਅਤੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਜਾਰੀ ਹਨ। ਰੈਲੀ ’ਚ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਇੱਥੇ ਰੈਲੀ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਉਨ੍ਹਾਂ ਦੀ ਸਥਾਨਕ ਰਿਹਾਇਸ਼ ’ਤੇ ਹੋਈ ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਤੇ ਪੰਜਾਬ ਦੇ ਸਹਿ ਇੰਚਾਰਜ ਹਿਨਾ ਕਾਬਲੇ, ਜ਼ਿਲ੍ਹਾ ਕੋਆਰਡੀਨੇਟਰ ਕੁਲਜੀਤ ਸਿੰਘ ਨਾਗਰਾ ਅਤੇ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਸ਼ਾਮਲ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਰਨਾਲਾ ਰੈਲੀ ਲਈ ਪੰਜਾਬ ਭਰ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਰਕਰਾਂ ਨੂੰ ਰੈਲੀ ਲਈ ਲਾਮਬੰਦ ਕਰਦਿਆਂ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਇਕੱਠ ਕਰਨ ਲਈ ਕੋਈ ਕਸਰ ਨਾ ਛੱਡੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਬਰਨਾਲਾ ਰੈਲੀ ਇਤਿਹਾਸਕ ਹੋਵੇਗੀ ਜਿਸ ਨਾਲ ਪਾਰਟੀ ਵਰਕਰਾਂ ’ਚ ਜੋਸ਼ ਤੇ ਉਤਸ਼ਾਹ ਪੈਦਾ ਹੋਵੇਗਾ।
ਪੰਜਾਬ ਦੀ ਸਹਿ ਇੰਚਾਰਜ ਹਿਨਾ ਕਾਬਲੇ ਨੇ ਕਿਹਾ ਕਿ ਬਰਨਾਲਾ ਰੈਲੀ ’ਚ ਕਾਂਗਰਸ ਪਾਰਟੀ ਕਿਸਾਨ-ਮਜ਼ਦੂਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਜਿਥੇ ਦੇਸ਼ ਦੀ ਸੰਸਦ ਵਿਚ ਮਗਨਰੇਗਾ ਕਾਨੂੰਨ ਬਦਲਣ ਅਤੇ ਅਮਰੀਕਾ-ਭਾਰਤ ਵਪਾਰ ਸਮਝੌਤੇ ਦੇ ਖਿਲਾਫ਼ ਆਵਾਜ਼ ਉਠਾਈ ਹੈ ਉਥੇ ਵੱਖ-ਵੱਖ ਰਾਜਾਂ ਵਿਚ ਰੈਲੀਆਂ ਕਰਕੇ ਲੋਕਾਂ ਨੂੰ ਕਿਸਾਨ-ਮਜ਼ਦੂਰ ਵਿਰੋਧੀ ਵਪਾਰ ਸਮਝੌਤੇ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਬਾਰੇ ਫੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ’ਚੋਂ ਕਰੀਬ 200 ਬੱਸਾਂ ਦਾ ਕਾਫ਼ਲਾ ਬਰਨਾਲਾ ਰੈਲੀ ’ਚ ਸ਼ਮੂਲੀਅਤ ਕਰੇਗਾ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਜਗਦੇਵ ਗਾਗਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸੁਰਿੰਦਰਪਾਲ ਸਿੰਘ ਸਿਬੀਆ, ਜਸਵਿੰਦਰ ਸਿੰਘ ਧੀਮਾਨ, ਰਾਜਿੰਦਰ ਦੀਪਾ, ਰਾਹੁਲਇੰਦਰ ਸਿੰਘ ਸਿੱਧੂ, ਸਨਮੀਕ ਹੈਨਰੀ, ਹਰਪਾਲ ਸੋਨੂੰ, ਰੌਕੀ ਬਾਂਸਲ, ਪਰਮਿੰਦਰ ਸ਼ਰਮਾ, ਸਤਨਾਮ ਸਿੰਘ ਸੱਤਾ, ਹਰਦੀਪ ਦੌਲਤਪੁਰ ਆਦਿ ਮੌਜੂਦ ਸਨ।
ਪੂੰਜੀਪਤੀ ਦੋਸਤਾਂ ਨੂੰ ਖ਼ੁਸ਼ ਕਰਨ ਲੱਗੀ ਸਰਕਾਰ: ਵੜਿੰਗ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਪੂੰਜੀਪਤੀ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ। ਮਗਨਰੇਗਾ ਸੋਧ ਕਾਨੂੰਨ ਵੀ ਉਸੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਗ਼ਰੀਬਾਂ ਦਾ ਹੱਕ ਕਿਸੇ ਵੀ ਹਾਲਤ ਵਿੱਚ ਕਾਂਗਰਸ ਖੋਹਣ ਨਹੀਂ ਦੇਵੇਗੀ। ਸ੍ਰੀ ਵੜਿੰਗ ਅੱਜ ਜ਼ਿਲ੍ਹਾ ਕਾਂਗਰਸ ਪਟਿਆਲਾ ਦੀ ਮੀਟਿੰਗ ਵਿੱਚ ਪੁੱਜੇ ਸਨ। ਇਹ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਬਰਨਾਲਾ ਰੈਲੀ ਦੀਆਂ ਤਿਆਰੀਆਂ ਬਾਰੇ ਕੀਤੀ ਗਈ। ਮੀਟਿੰਗ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਮਦਨ ਲਾਲ, ਹਰਦਿਆਲ ਸਿੰਘ ਕੰਬੋਜ, ਰਜਿੰਦਰ ਸਿੰਘ, ਮੋਹਿਤ ਮਹਿੰਦਰਾ, ਵਿਸ਼ਨੂੰ ਸ਼ਰਮਾ, ਦਰਬਾਰਾ ਸਿੰਘ, ਨਿਰਮਲ ਭੱਟੀਆਂ, ਨਰੇਂਦਰ ਲਾਲੀ, ਸੰਜੀਵ ਬਿੱਟੂ, ਹਰਵਿੰਦਰ ਖਨੌੜਾ, ਨਛੱਤਰ ਸਿੰਘ, ਬਲਿਹਾਰ ਸਿੰਘ, ਦਰਸ਼ਨ ਸਿੰਘ ਤਹਿਸੀਲਦਾਰ, ਕੁਲਜੀਤ ਬੇਦੀ ਆਦਿ ਹਾਜ਼ਰ ਸਨ।

